ਸੀਬੀਆਈ ਨੇ 1984 ਦੇ ਸਿੱਖ ਕਤਲੇਆਮ ਦੀ ਨਾਜ਼ੀਆਂ ਵਲੋਂ ਯਹੂਦੀਆਂ ਦੇ ਨਰਸੰਹਾਰ, ਬੰਗਲਾਦੇਸ਼ ਵਿਚ ਪਾਕਿਸਤਾਨੀ ਫ਼ੌਜ ਵਲੋਂ ਕੀਤੇ ਕਤਲੇਆਮ ਅਤੇ ਕੁਰਦਾਂ ਤੁਰਕਾਂ ਵਲੋਂ ਅਰਮੀਨਿਆਈਆਂਂ ਦੇ ਘੱਲੂਘਾਰੇ ਨਾਲ ਤੁਲਨਾ ਕਰਦਿਆਂ ਇਸ ਨੂੰ ‘ਮਾਨਵਤਾ ਖਿਲਾਫ਼ ਅਪਰਾਧ’ ਕਰਾਰ ਦਿੱਤਾ ਹੈ। ਸਿੱਖ ਕਤਲੇਆਮ ਦੇ ਕੇਸ ਵਿਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ‘‘ ਇਸ ਤਰ੍ਹਾਂ ਇਹ ਕੇਸ ਸਿੱਖ ਕਤਲੇਆਮ ਦੇ ਵਡੇਰੇ ਸੰਦਰਭ ਵਿਚ ਦੇਖਣਾ ਪਵੇਗਾ ਤੇ ਆਮ ਹੱਤਿਆ ਤੇ ਦੰਗੇ ਦੇ ਕੇਸ ਨਾਲੋਂ ਵੱਖਰੀ ਪਹੁੰਚ ਅਪਣਾਉਣੀ ਪਵੇਗੀ।’’ ਸੱਜਣ ਕੁਮਾਰ ਨੇ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ-1 ਇਲਾਕੇ ਵਿਚ ਪੰਜ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦੇ ਕੇ ਉੁਮਰ ਕੈਦ ਦੀ ਸਜ਼ਾ ਸੁਣਾਉਣ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਕੁਮਾਰ ਨੇ ਸਜ਼ਾ ਭੁਗਤਣ ਲਈ ਲੰਘੀ 31 ਦਸੰਬਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਦਿੱਲੀ ਵਿਚ ਉਦੋਂ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਏਜੰਸੀ ਨੇ ਕੁਮਾਰ ਦੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਕ ਵੱਡੀ ਸਿਆਸੀ ਪਾਰਟੀ ਦਾ ਪ੍ਰਭਾਵਸ਼ਾਲੀ ਆਗੂ ਰਿਹਾ ਹੈ ਅਤੇ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਸਮੱਰਥ ਹੈ। ਜੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਸ ਦੇ ਖਿਲਾਫ਼ ਸਿੱਖ ਕਤਲੇਆਮ ਦੇ ਕੇਸ ਦੀ ਵਾਜਬ ਸੁਣਵਾਈ ਨਹੀਂ ਚੱਲ ਸਕਣੀ। ਇਸ ’ਤੇ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ। ਸੱਜਣ ਕੁਮਾਰ ਵਲੋਂ ਅਪੀਲ ਦਾਇਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਲੰਘੀ 14 ਜਨਵਰੀ ਨੂੰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਸੀ।
HOME ਸਿੱਖ ਕਤਲੇਆਮ ਸੀ ਮਾਨਵਤਾ ਖ਼ਿਲਾਫ਼ ਅਪਰਾਧ: ਸੀਬੀਆਈ