ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਸਬੰਧੀ ਅਦਾਲਤ ’ਚ ਕੇਸ ਦਾਇਰ ਕੀਤਾ ਹੈ। ਇਹ ਕੇਸ ਪੁਲਬੰਗਸ਼ ’ਚ ਦੋ ਸਿੱਖਾਂ ਨੂੰ ਜਿਊਂਦੇ ਸਾੜਨ ਅਤੇ ਗੁਰਦੁਆਰੇ ਨੂੰ ਅੱਗ ਲਾਏ ਜਾਣ ਨਾਲ ਸਬੰਧਤ ਹੈ। ਸਿੱਖ ਦੰਗਿਆਂ ਦੇ 35 ਵਰ੍ਹਿਆਂ ਮਗਰੋਂ ਕਾਂਗਰਸ ਪਾਰਟੀ ਦੇ ਤੀਜੇ ਸੀਨੀਅਰ ਆਗੂ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਸੱਜਣ ਕੁਮਾਰ ਨੂੰ ਸਜ਼ਾ ਹੋ ਚੁੱਕੀ ਹੈ ਜਦਕਿ ਐੱਸਆਈਟੀ ਨੇ ਕਮਲਨਾਥ ਖ਼ਿਲਾਫ਼ ਕੇਸ ਮੁੜ ਖੋਲ੍ਹ ਦਿੱਤਾ ਹੈ। ਅੱਜ ਅਦਾਲਤ ਨੇ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਕੇਸ ਰੋਜ਼ ਐਵੇਨਿਊ ਕੋਰਟ ਵਿਚ ਨਵੀਨ ਕਸ਼ਯਪ ਦੀ ਅਦਾਲਤ ’ਚ ਦਾਇਰ ਕੀਤਾ ਗਿਆ, ਜਿਥੇ ਦੋ ਚਸ਼ਮਦੀਦ ਗਵਾਹਾਂ ਅਮਰਜੀਤ ਸਿੰਘ ਤੇ ਹਰਪਾਲ ਕੌਰ ਨੇ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਭੀੜ ਦੀ ਅਗਵਾਈ ਕਰਦਿਆਂ ਤੇ ਸਿੱਖਾਂ ਨੂੰ ਮਾਰਨ ਵਾਸਤੇ ਲੋਕਾਂ ਨੂੰ ਭੜਕਾਉਂਦਿਆਂ ਦੇਖਿਆ ਸੀ। ਉਨ੍ਹਾਂ ਅਦਾਲਤ ’ਚ ਆਖਿਆ ਕਿ ਉਹ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ।
HOME ਸਿੱਖ ਕਤਲੇਆਮ: ਦੋ ਜਣਿਆਂ ਨੇ ਟਾਈਟਲਰ ਖ਼ਿਲਾਫ਼ ਗਵਾਹੀ ਦਿੱਤੀ