ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੀ ਰਾਹੁਲ ਵੱਲੋਂ ਪੈਰਵੀ

ਲੰਡਨ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਲੰਡਨ ਸਕੂਲ ਆਫ ਇਕਨਾਮਿਕਸ ’ਚ ਸੰਬੋਧਨ ਕਰਦਿਆਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਬਹੁਤ ਹੀ ਦੁਖਦਾਈ ਘਟਨਾ ਸੀ ਤੇ ਉਹ ਇਨ੍ਹਾਂ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 2019 ’ਚ ਹੋਣ ਵਾਲੀਆਂ ਆਮ ਚੋਣਾਂ ਸਿੱਧੇ ਤੌਰ ’ਤੇ ਵਿਰੋਧੀ ਧਿਰਾਂ ਦੇ ਗੱਠਜੋੜ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਣਗੀਆਂ ਤੇ ਉਨ੍ਹਾਂ ਦਾ ਮੁੱਖ ਏਜੰਡਾ ਭਾਜਪਾ ਨੂੰ ਹਰਾਉਣਾ ਹੈ।
ਅੱਜ ਇੱਥੇ ਹੋਏ ਸਮਾਗਮ ਦੌਰਾਨ ਸ੍ਰੀ ਗਾਂਧੀ ਨੇ ਬਰਤਾਨੀਆ ਦੇ ਸੰਸਦ ਮੈਂਬਰਾਂ ਤੇ ਸਥਾਨਕ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ’ਚ ਵਾਪਰਿਆ ਸਿੱਖ ਕਤਲੇਆਮ ਕਾਂਡ ਬਹੁਤ ਹੀ ਦੁਖਦਾਈ ਸੀ, ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਇਸ ਕਤਲੇਆਮ ’ਚ ਕਾਂਗਰਸ ਦੀ ਕੋਈ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਕਿਸੇ ਵੱਲੋਂ ਵੀ ਕਿਸੇ ’ਤੇ ਕੀਤੀ ਗਈ ਹਿੰਸਾ ਗਲਤ ਹੈ। ਭਾਰਤ ਵਿੱਚ ਇੱਕ ਕਾਨੂੰਨੀ ਪ੍ਰਕਿਰਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਹੋਇਆ ਉਹ ਬਹੁਤ ਗਲਤ ਸੀ ਤੇ ਮੈਂ ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਵਿੱਚ ਹਾਂ। ਮੇਰੇ ਦਿਮਾਗ ’ਚ ਇਸ ਗੱਲ ਨੂੰ ਲੈ ਕੇ ਕੋਈ ਵੀ ਦੁੱਚਿਤੀ ਨਹੀਂ ਹੈ ਤੇ ਮੈਂ ਮੰਨਦਾ ਹਾਂ ਕਿ ਇਹ ਇੱਕ ਦੁਖਾਂਤ ਤੇ ਦਰਦਨਾਕ ਤਜਰਬਾ ਸੀ।’’
ਇਸੇ ਦੌਰਾਨ ਸ੍ਰੀ ਗਾਂਧੀ ਨੇ ਕਿਹਾ, ‘‘ਅਗਲੀਆਂ ਲੋਕ ਸਭਾ ਚੋਣਾਂ ’ਚ ਮੁਕਾਬਲਾ ਸਿੱਧਾ ਹੋਵੇਗਾ। ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਹਰ ਵਿਰੋਧੀ ਪਾਰਟੀ ਹੈ। ਇਸ ਦਾ ਕਾਰਨ ਇਹ ਹੈ ਕਿ ਪਹਿਲੀ ਵਾਰ ਭਾਰਤੀ ਸੰਸਥਾਵਾਂ ’ਤੇ ਹਮਲੇ ਹੋ ਰਹੇ ਹਨ। ਮੈਂ ਤੇ ਸਾਰੀ ਵਿਰੋਧੀ ਧਿਰ ਇਸ ਗੱਲ ’ਤੇ ਸਹਿਮਤ ਹੈ ਕਿ ਸਾਡੀ ਪਹਿਲ ਭਾਰਤ ਵਿੱਚ ਫੈਲਾਏ ਜਾ ਰਹੇ ਜ਼ਹਿਰ ਨੂੰ ਰੋਕਣਾ ਤੇ ਭਾਜਪਾ ਨੂੰ ਹਰਾਉਣਾ ਹੈ।’’
ਇਸੇ ਦੌਰਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਨ੍ਹਾਂ ’ਚ ਭਾਰਤੀਆਂ ਨੂੰ ਵੀਜ਼ਾ ਸਬੰਧੀ ਆ ਰਹੀਆਂ ਦਿੱਕਤਾਂ ਤੇ ਬ੍ਰੈਗਜ਼ਿਟ ਦੇ ਪ੍ਰਭਾਵ ਸ਼ਾਮਲ ਹਨ। ਸ੍ਰੀ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਬ੍ਰੈਗਜ਼ਿਟ ਦੀ ਨਾਕਾਮੀ ਨਾਬਰਾਬਰੀ ਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਵਾਧਾ ਕਰ ਸਕਦੀ ਹੈ। ਕਾਂਗਰਸ ਅਨੁਸਾਰ, ‘ਕਾਂਗਰਸ ਪ੍ਰਧਾਨ ਤੇ ਲੇਬਰ ਪਾਰਟੀ ਦੇ ਆਗੂਆਂ ਨੇ ਸਾਂਝੀਆਂ ਚਿੰਤਾ ਵਾਲੀਆਂ ਦੁਵੱਲੀਆਂ, ਖੇਤਰੀ ਤੇ ਆਲਮੀ ਘਟਨਾਵਾਂ ’ਤੇ ਚਰਚਾ ਕੀਤੀ। ਇਨ੍ਹਾਂ ’ਚ ਬੇਰੁਜ਼ਗਾਰੀ, ਵੱਖ ਰਿਹਾ ਬਚਾਅਵਾਦ, ਕਾਰੋਬਾਰੀ ਜੰਗ ਆਦਿ ਸ਼ਾਮਲ ਸਨ।

Previous articleFraud hit PNB ranked best PSB for digital transactions
Next articleਕਾਂਗਰਸੀਆਂ ਨੇ ਖੁਦ ਸਿੱਖ ਕਤਲੇਆਮ ਦੀ ਗੱਲ ਮੰਨੀ: ਫੂਲਕਾ