ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ’ਤੇ ਬਣੀ ਲਘੂ ਫਿਲਮ ‘ਸਿੰਘ’ ਨੇ ਮੋਨਟਾਨਾ ’ਚ ਹੋਏ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ’ਚ ‘ਸ਼ਾਰਟ ਆਫ਼ ਦਿ ਯੀਅਰ’ ਪੁਰਸਕਾਰ ਜਿੱਤਿਆ ਹੈ। ਫਿਲਮ ‘ਸਿੰਘ’ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ ’ਤੇ ਆਧਾਰਿਤ ਹੈ ਜਿਸ ’ਚ ਉਸ ਨੂੰ ਦਸਤਾਰ ਉਤਾਰੇ ਬਿਨਾਂ ਜਹਾਜ਼ ’ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜੇਨਾ ਰੂਈਜ਼ ਵੱਲੋਂ ਨਿਰਦੇਸ਼ਿਤ ਫਿਲਮ ਨੇ ਇਸ ਸ਼੍ਰੇਣੀ ਦੀਆਂ ਦਾਅਵੇਦਾਰ 100 ਫਿਲਮਾਂ ਨੂੰ ਪਿੱਛੇ ਛੱਡ ਕੇ ਇਹ ਪੁਰਸਕਾਰ ਹਾਸਲ ਕੀਤਾ ਹੈ। ਫਿਲਮ ਮੇਲੇ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ‘ਸਿੰਘ ਦੀ ਕਹਾਣੀ ਮਈ 2007 ’ਚ ਵਾਪਰੀ ਘਟਨਾ ’ਤੇ ਆਧਾਰਿਤ ਹੈ। ਲਘੂ ਫਿਲਮ ’ਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਨੂੰ ਆਪਣੇ ਧਾਰਮਿਕ ਅਕੀਦੇ ਅਤੇ ਅੰਤਿਮ ਸਾਹ ਲੈ ਰਹੀ ਮਾਂ ਨਾਲ ਮਿਲਣ ’ਚੋਂ ਕਿਸੇ ਇਕ ਦੀ ਚੋਣ ਕਰਨੀ ਸੀ। ਇਸ ਘਟਨਾ ਮਗਰੋਂ ਖ਼ਾਲਸਾ ਨੇ ਅਮਰੀਕੀ ਸੰਸਦ ’ਚ ਇਸ ਮੁੱਦੇ ਵੱਲ ਧਿਆਨ ਖਿੱਚਣ ਲਈ ਕੰਮ ਕੀਤਾ। ਇਸ ਮਗਰੋਂ ਹਵਾਈ ਅੱਡਿਆਂ ’ਤੇ ਹੈੱਡਗਿਅਰ ਸਬੰਧੀ ਨੀਤੀਆਂ ’ਚ ਬਦਲਾਅ ਆਇਆ। ਫਿਲਮ ਦੀ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਨੇ ‘ਇੰਡੀ ਸ਼ਾਰਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਲਈ ਅਧਿਕਾਰਤ ਤੌਰ ’ਤੇ ਚੋਣ ਕੀਤੀ ਹੈ। ‘ਇੰਡੀ ਸ਼ਾਰਟਸ’ ਇੰਡੀਆਨਾਪੋਲਿਸ ’ਚ 25 ਤੋਂ 28 ਜੁਲਾਈ ਤਕ ਦੁਨੀਆ ਭਰ ਦੀਆਂ ਫਿਲਮਾਂ ਦਿਖਾਵੇਗਾ।
Uncategorized ਸਿੱਖੀ ’ਤੇ ਪਹਿਰਾ ਦੇਣ ਸਬੰਧੀ ਲਘੂ ਫਿਲਮ ‘ਸਿੰਘ’ ਨੂੰ ਪੁਰਸਕਾਰ