ਬੱਲੂਆਣਾ -ਸਿੱਖਿਆ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਪੰਜਾਬ-ਰਾਜਸਥਾਨ ਹੱਦ ’ਤੇ ਵਸੇ 10 ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਪੰਜਵੀਂ ਜਮਾਤ ਦੇ ਕਰੀਬ 100 ਬੱਚੇ ਨਵੋਦਿਆ ਵਿਦਿਆਲਿਆ ਵਿਚ ਦਾਖਲੇ ਤੋਂ ਵਾਂਝੇ ਰਹਿ ਗਏ। ਸਰਕਾਰੀ ਸ਼ਡਿਊਲ ਮੁਤਾਬਕ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਚ ਬਣਾਏ ਦੋ ਸੈਂਟਰਾਂ ਵਿਚ ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਲਈ ਪ੍ਰੀਖਿਆ ਲਈ ਗਈ। ਕਰੀਬ ਤਿੰਨ ਮਹੀਨੇ ਪਹਿਲਾਂ ਸਿੱਖਿਆ ਵਿਭਾਗ ਨੇ ਅਬੋਹਰ ਸਬ ਡਵੀਜ਼ਨ ਦੇ ਤਿੰਨ ਬਲਾਕਾਂ ਹੇਠ ਆਉਂਦੇ ਸਾਰੇ ਪਿੰਡਾਂ ਦੇ ਪ੍ਰਾਇਮਰੀ ਸਕੂਲ ਨੂੰ ਸਰਕੂਲਰ ਭੇਜ ਕੇ ਦਾਖਲੇ ਬਾਰੇ ਸੂਚਿਤ ਕਰਦੇ ਹੋਏ ਆਨਲਾਈਨ ਅਤੇ ਆਫ਼ਲਾਈਨ ਬਿਨੈ ਪੱਤਰ ਮੰਗੇ ਸਨ। ਕੁਝ ਸਕੂਲਾਂ ਨੇ ਆਨਲਾਈਨ ਅਤੇ ਕੁਝ ਆਫ਼ਲਾਈਨ ਬਿਨੈ ਪੱਤਰ ਭੇਜ ਕੇ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਬੋਹਰ ਸਬ ਡਵੀਜ਼ਨ ਹੇਠ ਆਉਂਦੇ ਕਰੀਬ 100 ਪਿੰਡਾਂ ਦੇ 1000 ਬੱਚਿਆਂ ਨੇ ਦਾਖਲਾ ਪ੍ਰੀਖਿਆ ਲਈ ਅਪਲਾਈ ਕੀਤਾ ਪਰ ਇਨ੍ਹਾਂ ਵਿਚੋਂ ਪੰਜਾਬ-ਰਾਜਸਥਾਨ ਦੀ ਹੱਦ ਨਾਲ ਲੱਗਦੇ ਸੀਤੋ ਗੁੰਨੋ ਸੈਂਟਰ ਹੇਠ ਪੈਂਦੇ ਸੱਤ ਪਿੰਡਾਂ ਸੁਖਚੈਨ, ਰਾਮਪੁਰਾ, ਬਹਾਦਰਖੇੜਾ, ਕੁਲਾਰ, ਰਾਮਪੁਰਾ ਨਰਾਇਣ ਪੁਰਾ ਅਤੇ ਢਾਣੀ ਔਗੁਣ ਤੋਂ ਇਲਾਵਾ ਅਮਰਪੁਰਾ ਸੈਂਟਰ ਨਾਲ ਸਬੰਧਤ ਤਿੰਨ ਪਿੰਡਾਂ ਦੇ ਬੱਚੇ ਰੋਲ ਨੰਬਰ ਨਾ ਮਿਲਣ ਕਾਰਨ ਅੱਜ ਪੇਪਰ ਦੇਣ ਤੋਂ ਵਾਂਝੇ ਰਹਿ ਗਏ ਤੇ ਉਨ੍ਹਾਂ ਦਾ ਨਵੋਦਿਆ ਸਕੂਲ ਵਿਚ ਦਾਖਲ ਹੋਣ ਦਾ ਸੁਫ਼ਨਾ ਵੀ ਟੁੱਟ ਗਿਆ। ਬੱਚਿਆਂ ਦੇ ਨਾਲ ਪੇਪਰ ਦਿਆਉਣ ਆਏ ਮਾਪੇ ਅਤੇ ਅਧਿਆਪਕ ਅੱਜ ਸਵੇਰ ਤੱਕ ਇਸ ਆਸ ਵਿਚ ਸਨ ਕਿ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ’ਤੇ ਪੇਪਰ ਸ਼ੁਰੂ ਹੋਣ ਤੋਂ ਪਹਿਲਾ ਰੋਲ ਨੰਬਰ ਮਿਲ ਜਾਣਗੇ ਪਰ ਅਜਿਹਾ ਨਾ ਹੋਇਆ। ਪਤਾ ਲੱਗਾ ਕਿ ਬੱਚਿਆਂ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰਾਂ ਵਿਚ ਭੇਜੇ ਗਏ ਬਿਨੈ ਪੱਤਰਾਂ ਵਿਚੋਂ ਕਰੀਬ 100 ਬਿਨੈ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਚੈਨਲ ਰਾਹੀਂ ਨਹੀਂ ਪੁੱਜੇ। ਇਸ ਕਰਕੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਸਕੇ। ਰੋਲ ਨੰਬਰ ਨਾ ਮਿਲਣ ‘ਤੇ ਨਿਰਾਸ਼ ਹੋਏ ਪੰਜਵੀਂ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਣੇ ਅਬੋਹਰ ਦੀ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਕੋਲ ਪੇਸ਼ ਹੋਏ ਅਤੇ ਰੋਲ ਨੰਬਰ ਜਾਰੀ ਕਰਵਾਉਣ ਵਿਚ ਮਦਦ ਮੰਗੀ। ਉਪ ਮੰਡਲ ਮੈਜਿਸਟ੍ਰੇਟ ਨੇ ਵਫ਼ਦ ਦੀ ਹਾਜ਼ਰੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਫੋਨ ਕਰਕੇ ਬੱਚਿਆਂ ਦੇ ਪੇਪਰ ਦਿਆਉਣ ਦਾ ਪ੍ਰਬੰਧ ਕਰਨ ਲਈ ਕਿਹਾ ਪਰ ਇਸ ਦੇ ਬਾਵਜੂਦ ਰੋਲ ਨੰਬਰ ਨਾ ਮਿਲਣ ‘ਤੇ ਬੱਚੇ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ।