ਨਵੀਂ ਦਿੱਲੀ, (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦਾ ਇਸ ਵਿੱਚ ਘੱਟ ਤੋਂ ਘੱਟ ਦਖਲ ਹੋਣਾ ਚਾਹੀਦਾ ਹੈ।
ਗਵਰਨਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਦੇਸ਼ ਦੇ ਸੁਫ਼ਨੇ ਪੂਰੇ ਕਰਨ ਲਈ ਸਿੱਖਿਆ ਨੀਤੀ ਤੇ ਸਿਸਟਮ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਸਿਸਟਮ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਅੰਤਰ ਸਬੰਧਤ ਹਨ। ਇਹ ਵੀ ਠੀਕ ਹੈ ਕਿ ਸਿੱਖਿਆ ਨੀਤੀ ’ਚ ਸਰਕਾਰਾਂ ਦਾ ਘੱਟ ਤੋਂ ਘੱਟ ਦਖਲ ਹੋਵੇ ਤੇ ਘੱਟ ਤੋਂ ਘੱਟ ਪ੍ਰਭਾਵ ਹੋਵੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਪੜ੍ਹਾਈ ਦੀ ਥਾਂ ਸਿੱਖਣ ’ਤੇ ਵੱਧ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਇੱਕ ਤਰ੍ਹਾਂ ਬਿਨਾਂ ਕਿਸੇ ਦਬਾਅ ਦੇ ਘਰੇਲੂ ਕਦਰਾਂ ਕੀਮਤਾਂ ਨੂੰ ਸਿੱਖਣਾ ਹੈ। ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਦੇ ਬਸਤਿਆਂ ਦੇ ਦਿਨੋਂ ਦਿਨ ਵੱਧ ਰਹੇ ਭਾਰ ਦਾ ਮੁੱਦਾ ਵੀ ਚੁੱਕਿਆ ਤੇ ਕਿਹਾ ਕਿ ਬੱਚਿਆਂ ’ਤੇ ਬਸਤਿਆਂ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ ਤੇ ਸਮਾਜ ਦਾ ਬੋਝ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਡਾ. ਕੇ ਕਸਤੂਰੀਰੰਗਨ ਦੀ ਅਗਵਾਈ ਹੇਠ ਬਣੇ ਪੈਨਲ ਵੱਲੋਂ ਦੋ ਸਾਲ ਮਿਹਨਤ ਅਤੇ ਦੋ ਲੱਖ ਤੋਂ ਵੱਧ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਬਣਾਈ ਗਈ ਹੈ।