ਨਿਊ ਯਾਰਕ (ਸਮਾਜ ਵੀਕਲੀ) : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਮੁਲਕ ਵਿੱਚ ਰਹਿੰਦੇ ਸਿੱਖਾਂ, ਮੁਸਲਮਾਨਾਂ ਤੇ ਹੋਰਨਾਂ ਭਾਈਚਾਰਿਆਂ ਨੂੰ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਢੰਗ ਤਰੀਕਿਆਂ ਕਰਕੇ ‘ਸ਼ੱਕ ਦੀ ਨਿਗ੍ਹਾ’ ਨਾਲ ਵੇਖਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਓਬਾਮਾ ਨੇ ਅਮਰੀਕੀਆਂ ਨੂੰ ਸੱਦਾ ਦਿੱਤਾ ਕਿ ਉਹ ‘ਅਜਿਹੇ ਰਾਸ਼ਟਰਪਤੀ ਤੇ ਸੱਤਾ ਵਿੱਚ ਬੈਠੇ ਹੋਰਨਾਂ’ ਨੂੰ ਵੋਟਾਂ ਰਾਹੀਂ ਲਾਂਭੇ ਕਰ ਦੇਣ, ਜੋ ਚੀਜ਼ਾਂ ਨੂੰ ਪੁਰਾਣੀਆਂ ਰਵਾਇਤਾਂ ਮੁਤਾਬਕ ਰੱਖ ਕੇ ਉਨ੍ਹਾਂ ਦਾ ਲਾਹਾ ਲੈੈਣਾ ਚਾਹੁੰਦੇ ਹਨ। ਓਬਾਮਾ ਨੇ ਕਿਹਾ ਕਿ ਊਨ੍ਹਾਂ ਦਾ ਜਾਨਸ਼ੀਨ (ਟਰੰਪ) ਰਾਸ਼ਟਰਪਤੀ ਦੇ ਅਹੁਦੇ ਨਾਲ ‘ਰਿਐਲਿਟੀ ਸ਼ੋਅ’ ਵਾਂਗ ਵਰਤਾਅ ਕਰਦਾ ਹੈ। ਊਨ੍ਹਾਂ ਕਿਹਾ ਕਿ ਸਿਖਰਲਾ ਰਿਪਬਲਿਕਨ ਆਗੂ (ਰਾਸ਼ਟਰਪਤੀ ਦੇ) ਅਹੁਦੇ ਦੇ ਹਾਣ ਦਾ ਨਹੀਂ ਬਣ ਸਕਿਆ ਕਿਉਂਕਿ ਇਨ੍ਹਾਂ ਸਮਰੱਥ ਹੀ ਨਹੀਂ ਸੀ।
ਡੈਮੋਕਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ 2020 ਮੌਕੇ ਸਾਬਕਾ ਰਾਸ਼ਟਰਪਤੀ ਨੇ ਅਮਰੀਕੀ ਸਦਰ ਡੋਨਲਡ ਟਰੰਪ ’ਤੇ ਹੱਲਾ ਬੋਲਦਿਆਂ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਟਰੰਪ ਤੇ ਉਹਦੇ ਪ੍ਰਸ਼ਾਸਨ ਨੂੰ ‘ਆਪਣੀਆਂ ਤਾਕਤਾਂ ਖੋਹਣ’ ਦੀ ਇਜਾਜ਼ਤ ਨਾ ਦੇਣ। ਉਨ੍ਹਾਂ ਕਿਹਾ, ‘ਧਿਆਨ ਰੱਖਿਓ ਕਿਤੇ ਇਹ ਤੁਹਾਡੀ ਜਮਹੂਰੀਅਤ ਨਾ ਖੋਹ ਲੈਣ।’ ਓਬਾਮਾ ਨੇ ਕਿਹਾ, ‘ਆਇਰਿਸ਼, ਇਤਾਲਵੀਆਂ, ਏਸ਼ੀਅਨਜ਼ ਤੇ ਲਾਤੀਨੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਵਾਪਸ ਜਾਣ ਲਈ ਆਖਿਆ ਗਿਆ।
ਯਹੂਦੀਆਂ ਤੇ ਕੈਥੋਲਿਕਾਂ, ਸਿੱਖਾਂ ਤੇ ਮੁਸਲਿਮਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਨ੍ਹਾਂ ਦੇ ਰੱਬ ਦੀ ਅਕੀਦਤ ਕਰਨ ਦੇ ਢੰਗ ਤਰੀਕੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਸਿਆਹਫਾਮ ਅਮਰੀਕੀਆਂ ਨੂੰ ਜ਼ੰਜੀਰਾਂ ’ਚ ਜਕੜਿਆ ਤੇ ਸੂਲੀ ’ਤੇ ਚਾੜ੍ਹਿਆ ਗਿਆ। ਲੰਗਰ ਦੀਆਂ ਕਤਾਰਾਂ ’ਚ ਬੈਠਣ ਲਈ ਉਨ੍ਹਾਂ ’ਤੇ ਥੁੱਕਿਆ ਗਿਆ। ਵੋਟ ਪਾਊਣ ਦੀ ਕੋਸ਼ਿਸ਼ ਕੀਤੀ ਤਾਂ ਕੁੱਟ ਸੁੱਟਿਆ।’