(ਸਮਾਜ ਵੀਕਲੀ)- Jermy Harbour ਇੰਗਲੈਂਡ ਦਾ ਇਕ ਬਹੁਤ ਹੀ ਸਫਲ ਵਪਾਰੀ ਹੋਇਆ, ਜਿਸ ਨੇ ਆਪਣੇ ਵਪਾਰ ਦੀ ਕਾਮਯਾਬੀ ਦੇ ਭੇਤ ਦਰਸਾਉਂਦਿਆਂ ਆਪਣੀ ਪੁਸਤਕ Go Do ਵਿੱਚ ਇਕ ਜਗਾ ਇਹ ਲਿਖਿਆ ਹੈ ਕਿ “ਮੇਰਾ ਵਿਸ਼ਵਾਸ ਹੈ ਕਿ ਜਦ ਤੁਸੀਂ ਸਿੱਖਣਾ ਬੰਦ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ ਅੰਤ ਵੱਲ ਵਧਣਾ ਸ਼ੁਰੂ ਕਰ ਦਿੰਦੇ ਹੋ (I believe, when you stop learning, you start dying)” ਜੇਕਰ Jeremy Harbour ਦੁਆਰਾ ਕਹੇ ਗਏ ਉਕਤ ਸ਼ਬਦਾਂ ਨੂੰ ਗਹੁ ਨਾਲ ਵਾਚੀਏ ਤਾਂ ਮਨੁਂਖੀ ਜ਼ਿੰਦਗੀ ਵਿਚ ਇਹਨਾਂ ਸ਼ਬਦਾਂ ਦੀ ਮਹੱਤਤਾ ਨੂੰ ਬਹੁਤ ਹੀ ਚੰਗੀ ਤਰਾਂ ਸਮਝਿਆਂ ਜਾ ਸਕਦਾ ਹੈ । ਦਰਅਸਲ Jermy ਦੀ ਕਹੀ ਹੋਈ ਗੱਲ ਬਿਲਕੁਲ ਸੌ ਟਕਾ ਸਹੀ ਹੈ । ਇਹ ਸੱਚ ਹੈ ਕਿ ਜੇਕਰ ਮਨੁਖੀ ਸੋਚ ਇਕ ਜਗਾ ਰੁਕ ਜਾਵੇ ਤਾਂ ਉਹ ਰੁਕੇ ਹੋਏ ਪਾਣੀ ਵਾਂਗ ਹੀ ਬਦਬੂਦਾਰ ਹੋ ਜਾਂਦੀ ਹੈ । ਸਮੂਹ ਵਿਗਿਆਨਿਕ ਕਾਢਾਂ ਮਨੁੱਖੀ ਸੋਚ ਦੀ ਗਤੀਸ਼ੀਲਤਾ ਦਾ ਹੀ ਹਵਾਲਾ ਪੇਸ਼ ਕਰਦੀਆਂ ਹਨ । ਜੋ ਮਨੁੱਖ ਅੱਗੇ ਦਰ ਅਗੇਰੇ ਸਿੱਖਣ ਖੋਜਣ ਦੀ ਬਿਰਤੀ ਨੂੰ ਵਿਰਾਮ ਲਗਾ ਦੇਂਦੇ ਹਨ, ਉਹਨਾਂ ਦਾ ਜੀਵਨ ਕਿਸੇ ਤਰਾਂ ਵੀ ਕੁੰਭੀ ਨਰਕ ਤੋਂ ਘੱਟ ਨਹੀਂ ਹੁੰਦਾ । ਦੂਜੇ ਪਾਸੇ ਜੋ ਧੁਨ ਦੇ ਪੱਕੇ ਤੇ ਸਿਰੜੀ ਹੁੰਦੇ ਹਨ ਤੇ ਅੱਗੇ ਦਰ ਅੱਗੇਰੇ ਜਾਨਣ ਦੀ ਜਿਗਿਆਸਾ ਵਿੱਚੋਂ ਨਿਰੰਤਰ ਵਿਚਰਦੇ ਰਹਿੰਦੇ ਹਨ, ਉਹ ਆਖਿਰ ਨੂੰ ਵੱਡੀਆਂ ਪ੍ਰਾਪਤੀਆਂ ਦੀ ਮੰਜਿਲ ਪਾ ਹੀ ਲੈਂਦੇ ਹਨ ।
ਅਗਲੀ ਗੱਲ ਇਹ ਕਿ ਕੁੱਜ ਲੋਕ ਵਿੱਦਿਅਕ ਯੋਗਤਾ ਦੀ ਪ੍ਰਾਪਤੀ ਨੂੰ ਹੀ ਵੱਡੀ ਪ੍ਰਾਪਤੀ ਮੰਨ ਲੈਣ ਦੀ ਗਲਤੀ ਕਰ ਲੈੰਦੇ ਹਨ ਜਦ ਕਿ ਅਸਲ ਪ੍ਰਾਪਤੀ ਵਿੱਦਿਅਕ ਯੋਗਤਾ ਦੀ ਵਿਹਾਰਕ ਖੇਤਰ ਚ ਵਰਤੋਂ ਕਰਨ ਤੋਂ ਬਾਦ ਹੀ ਆਂਕੀ ਜਾ ਸਕਦੀ ਹੈ, ਨਹੀਂ ਤਾਂ ਵਿੱਦਿਅਕ ਯੋਗਤਾ ਨੂੰ ਇਕ ਕਾਗ਼ਜ਼ ਦੇ ਟੁਕੜੇ ਉੱਤੇ ਕਿਸੇ ਵਿੱਦਅਕ ਅਦਾਰੇ ਵੱਲੋਂ ਲਿਖੇ ਕਿਸੇ ਦੇ ਨਾਮ ਨਾਲ਼ੋਂ ਵੱਧ ਹੋਰ ਕੁੱਜ ਵੀ ਨਹੀਂ ਸਮਝਿਆਂ ਜਾ ਸਕਦਾ । ਜਰਮੀ ਨੇ ਆਪਣੀ ਪੁਸਤਕ ਵਿੱਚ ਇਹ ਵੀ ਦਰਜ ਕੀਤਾ ਹੈ ਕਿ ਵਾਰ ਵਾਰ ਅਸਫਲ ਹੋਣ ਤੋਂ ਬਾਦ ਜੋ ਸਫਲਤਾ ਮਿਲਦੀ ਹੈ, ਉਸ ਸਫਲਤਾ ਦਾ ਅਹਿਸਾਸ ਆਪਣੇ ਆਪ ਚ ਬਹੁਤ ਵੱਡਾ ਤੇ ਸ਼ੰਤੁਸ਼ਟੀ ਵਾਲਾ ਹੁੰਦਾ ਹੈ । ਕੁੱਜ ਕਰ ਗੁਜ਼ਰਨ ਦੀ ਚਾਹਤ ਰੱਖਣ ਵਾਲੇ ਬਹੁਤ ਕੁੱਜ ਕਰ ਗੁਜ਼ਰਦੇ ਹਨ ਜਦ ਕਿ ਦੋਚਿੱਤੀ ਦੀ ਉਧੇੜ ਬੁਣ ਚ ਫਸੇ ਹੋਏ ਵਿਅਕਤੀ ਹੱਥ ਆਏ ਮੌਕੇ ਵੀ ਅਜਾਈਂ ਹੀ ਗਵਾ ਦਿੰਦੇ ਹਨ । Jermy ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਹਰ ਪਲ ‘ਤੇ ਖਤਰਾ ਵਿਦਮਾਨ ਹੈ । ਸਿੱਖਣ ਤੇ ਕੁੱਜ ਕਰਨ ਦੋਹਾਂ ਵਿੱਚ ਹੀ ਖਤਰਾ ਹੁੰਦਾ ਹੈ । ਪਰ ਹਿਸਾਬ ਕਿਤਾਬ ਲਗਾ ਕੇ ਸਹੇੜਿਆ ਖਤਰਾ ਬਹੁਤ ਘੱਟ ਹਾਲਤਾਂ ਵਿੱਚ ਨੁਕਸਾਨਦਾਇਕ ਹੁੰਦਾ ਹੈ । ਦੂਜੀ ਗੱਲ ਇਹ ਕਿ ਜੇਕਰ ਖਤਰਿਆਂ ਤੋਂ ਡਰ ਡਰ ਕੇ ਰਿਹਾ ਜਾਵੇ ਤਾਂ ਅਸੀਂ ਕੋਈ ਵੀ ਕੰਮ ਸਫਲਤਾ ਨਾਲ ਨਹੀਂ ਕਰ ਸਕਾਂਗੇ । ਇਸ ਕਰਕੇ ਕੋਈ ਵੀ ਕਾਰਜ ਕਰਨ ਵਾਸਤੇ ਖਤਰਾ ਤਾਂ ਸਹੇੜਨਾ ਹੀ ਪਵੇਗਾ । ਉਹ ਇਹ ਵੀ ਲਿਖਦਾ ਹੈ ਕਿ ਜਿਸ ਵਿਅਕਤੀ ਨੂੰ ਜੀਵਨ ਚ ਅਸਫਲਤਾਵਾ ਦਾ ਅਨੁਭਵ ਨਹੀਂ ਹੋਇਆ, ਦਰਅਸਲ ਅਜਿਹਾ ਵਿਅਕਤੀ ਜ਼ਿੰਦਗੀ ਚ ਕਦੇ ਵੀ ਸਫਲਤਾ ਦਾ ਸਹੀ ਤਰਾਂ ਨਾ ਅਨੁਭਵ ਨਹੀਂ ਕਰ ਸਕਦਾ ਹੈ ਤੇ ਨਾ ਹੀ ਆਨੰਦ ਮਾਣ ਸਕਦਾ ਹੈ । Jermy Harbour ਦੀ ਇਹ ਪੁਸਤਕ ਆਪਣੇ ਆਪ ਚ ਜੀਵਨ ਅਤੇ ਵਪਾਰਕ ਸਫਲਤਾ ਦੇ ਬਹੁਤ ਸਾਰੇ ਨੁਕਤਿਆਂ ਨਾਲ ਭਰਪੂਰ ਹੈ ਤੇ ਇਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
9/3/2021
0044 7806945964