ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤੀ ਫੌਜ ਨੇ ਕਾਰ ਸਵਾਰ ਤਿੰਨ ਚੀਨੀ ਨਾਗਰਿਕਾਂ ਦੀ ਮਦਦ ਕੀਤੀ ਹੈ, ਜੋ ਤਿੱਬਤੀ ਪਠਾਰ ਦੇ ਉੱਚੇ ਸਥਾਨ ’ਤੇ ਆਪਣਾ ਰਸਤਾ ਭਟਕ ਕੇ ਉੱਤਰੀ ਸਿੱਕਮ ਵਿੱਚ ਪੁੱਜ ਗਏ। ਇਹ ਖੇਤਰ ਸਮਤਲ ਪਠਾਰ ਹੈ, ਜਿਸ ਦੀ ਉਚਾਈ 17,500 ਫੁੱਟ ਹੈ। ਇਨ੍ਹਾਂ ਤਿੰਨ ਜਣਿਆਂ ਵਿੱਚ ਇਕ ਔਰਤ ਵੀ ਸ਼ਾਮਲ ਹੈ।
ਜਾਂਚ ਤੋਂ ਪਤਾ ਲੱਗਿਆ ਕਿ ਇਨ੍ਹਾਂ ਨੇ ਗਲਤ ਮੋੜ ਕੱਟ ਲਿਆ ਤੇ ਇਹ ਭਾਰਤ ਪੁੱਜ ਗਏ। ਤਿੰਨ ਸਤੰਬਰ ਦੀ ਇਸ ਘਟਨਾ ਦੌਰਾਨ ਭਾਰਤੀ ਫੌਜ ਨੇ ਇਨ੍ਹਾਂ ਚੀਨੀਆਂ ਨੂੰ ਤੁਰੰਤ ਆਕਸੀਜਨ, ਭੋਜਨ, ਅਤੇ ਗਰਮ ਕੱਪੜੇ ਸਣੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਚੀਨੀ ਤਿਕੜੀ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਣ ਲਈ ਸਹੀ ਰਾਹ ’ਤੇ ਪਾਇਆ। ਇਕ ਸਿਪਾਹੀ ਨੇ ਕਾਰ ਜਾਂਚ ਕਰਨ ਦੇ ਨਾਲ ਨਾਲ ਤੇਲ ਦਾ ਮਾਪ ਲਿਆ ਕਿ ਜੇ ਲੋੜ ਪਈ ਤਾਂ ਗੱਡੀ ਦੀ ਟੈਂਕੀ ਫੁੱਲ ਕਰ ਦਿੱਤੀ ਜਾਵੇ।