ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਥੇ ਅੱਜ ਦੂਜੀ ਵਾਰ ਵਿਸ਼ਵ ਟੂਰ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾ ਲਈ ਹੈ ਪਰ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਭਾਰਤ ਦੇ ਸਮੀਰ ਵਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੀ ਵਾਰ ਉਪ ਜੇਤੂ ਰਹੀ ਸਿੰਧੂ ਨੇ ਸੰਘਰਸ਼ਪੂਰਨ ਸੈਮੀਫਾਈਨਲ ਮੈਚ ਵਿਚ ਥਾਈਲੈਂਡ ਦੀ ਰਤਨਾਚੋਕ ਇੰਤਾਨੋਨ ਦੀ ਸਖਤ ਚੁਣੌਤੀ ਨੂੰ ਪਾਰ ਕਰਦਿਆਂ 54 ਮਿੰਟ ਤੱਕ ਚੱਲੇ ਮੈਚ ਵਿਚ 21-16, 25-23 ਨਾਲ ਜਿੱਤ ਹਾਸਲ ਕਰ ਲਈ। ਸਮੀਰ ਨੂੰ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਦੂਜੀ ਗੇਮ ’ਚ ਇੱਕ ਮੈਚ ਪੁਆਇੰਟ ਗਵਾਉਣ ਦਾ ਖਮਿਆਜ਼ਾ ਭੁਗਤਣਾ ਪਿਆ। ਆਖਿਰ ਨੂੰ ਉਸ ਨੂੰ ਆਲ ਇੰਗਲੈਂਡ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਚੀਨ ਦੇ ਸ਼ੀ ਯੂਕੀ ਤੋਂ 21-12, 20-22 ਅਤੇ 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਦਾ ਮੈਚ ਤੋਂ ਪਹਿਲਾਂ 2013 ਦੀ ਚੈਂਪੀਅਨ ਥਾਈਲੈਂਡ ਦੀ ਖਿਡਾਰਨ ਵਿਰੁੱਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਅਤੇ ਉਹ ਪਿਛਲੇ ਦੋ ਸਾਲ ਤੋਂ ਉਸ ਤੋਂ ਨਹੀਂ ਹਾਰੀ। ਹੁਣ ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਦਾ ਫਾਈਨਲ ਵਿਚ ਮੁਕਾਬਲਾ ਜਾਪਾਨ ਦੀ ਨੋਜੋਮੀ ਓਕੂਹਾਰਾ ਨਾਲ ਹੋਵੇਗਾ, ਜਿਸ ਤੋਂ ਸਿੰਧੂ ਪਿਛਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਰ ਗਈ ਸੀ।
Sports ਸਿੰਧੂ ਵਿਸ਼ਵ ਟੂਰ ਫਾੲੀਨਲਜ਼ ਦੇ ਫਾਈਨਲ ’ਚ ਪੁੱਜੀ