ਪੰਜਾਬ ਦੇ ਸਿੰਜਾਈ ਵਿਭਾਗ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੋਏ ਇੱਕ ਹਜ਼ਾਰ ਕਰੋੜ ਦੇ ਘੁਟਾਲੇ ’ਚ ਨਾਮਜ਼ਦ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ਭਾਪਾ ਵਿਰੁਧ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਈਡੀ ਨੇ ਪੰਜਾਬ ਵਿਜੀਲੈਂਸ ਬਿਉਰੋ ਤੋਂ ਇਸ ਠੇਕੇਦਾਰਾਂ ਦੀਆਂ ਜਾਇਦਾਦਾਂ ਦੀ ਸੂਚੀ ਹਾਸਲ ਕਰ ਲਈ ਹੈ ਤੇ ਈਡੀ ਵੱਲੋਂ ‘ਭਾਪਾ’ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਈਡੀ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਜੀਲੈਂਸ ਤੋਂ 34 ਜਾਇਦਾਦਾਂ ਦੀ ਸੂਚੀ ਹਾਸਲ ਹੋਈ ਹੈ। ਈਡੀ ਦੇ ਇੱਕ ਅਧਿਕਾਰੀ ਦਾ ਇਹ ਵੀ ਦੱਸਣਾ ਹੈ ਕਿ ਠੇਕੇਦਾਰ ਦੇ ਬੈਂਕ ਖਾਤਿਆਂ ਦੀ ਪੜਤਾਲ ਵੀ ਕੀਤੀ ਜਾਣੀ ਹੈ ਤੇ ਕੁਝ ਸਿਆਸਤਦਾਨ ਜਾਂ ਸੀਨੀਅਰ ਅਧਿਕਾਰੀਆਂ ਦੀਆਂ ਦਿੱਕਤਾਂ ਵੀ ਵਧ ਸਕਦੀਆਂ ਹਨ ਕਿਉਂਕਿ ਲੈਣ ਦੇਣ ਦਾ ਇਹ ਸਿਲਸਿਲਾ ਕਾਫ਼ੀ ਦੂਰ ਤੱਕ ਜਾਂਦਾ ਸੀ। ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਗੁਰਿੰਦਰ ਸਿੰਘ ਭਾਪਾ ਅਤੇ ਸਿੰਜਾਈ ਵਿਭਾਗ ਦੇ ਅੱਧੀ ਦਰਜਨ ਅਫ਼ਸਰਾਂ ਖਿਲਾਫ਼ ਲੰਘੇ ਸਾਲ ਅਗਸਤ ਮਹੀਨੇ ਦੌਰਾਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਡੀ.ਆਰ/ਡਬਲਯੂ 13 (2) ਅਤੇ ਆਈ.ਪੀ.ਸੀ. ਦੀ ਧਾਰਾ 406, 420, 467, 468, 471, 477-ਏ ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਕੀਤੀ ਪੜਤਾਲ ਮੁਤਾਬਕ ਗੁਰਿੰਦਰ ਸਿੰਘ ਨੇ ਪਿਛਲੇ ਅਰਸੇ ਦੌਰਾਨ ਆਪਣੀ ਪਤਨੀ ਅਤੇ ਇੱਕ ਕਰੀਬੀ ਰਿਸ਼ਤੇਦਾਰ ਨਾਲ ਸਾਂਝੇ ਤੌਰ ’ਤੇ 34 ਜਾਇਦਾਦਾਂ ਖ਼ਰੀਦੀਆਂ ਤੇ ਇਨ੍ਹਾਂ ਦੀ ਮਾਰਕੀਟ ਕੀਮਤ 100 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਈਡੀ ਦੇ ਸੂਤਰਾਂ ਦਾ ਦੱਸਣਾ ਹੈ ਕਿ ਵਿਜੀਲੈਂਸ ਵੱਲੋਂ ਦਿੱਤੀ ਸੂਚੀ ਵਿੱਚ ਜਿਨ੍ਹਾਂ ਜਾਇਦਾਦਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਚੰਡੀਗੜ੍ਹ ਦੇ ਸੈਕਟਰ 18 ਵਿੱਚ ਦੋ ਕਨਾਲ ਦੀ ਕੋਠੀ, ਸੈਕਟਰ 19 ਵਿੱਚ ਇੱਕ ਕਨਾਲ ਦੀ ਕੋਠੀ, ਮੁਹਾਲੀ ਵਿੱਚ 6 ਕਮਰਸ਼ੀਅਲ ਤੇ ਉਦਯੋਗਿਕ ਪਲਾਟ, ਮੁਹਾਲੀ ਸ਼ਹਿਰ ਵਿੱਚ 5 ਕੋਠੀਆਂ, ਏਅਰੋ ਸਿਟੀ ਵਿੱਚ 5 ਪਲਾਟ, ਮੁਹਾਲੀ ਵਿੱਚ 2 ਐਸ.ਸੀ.ਐਫ. ਸ਼ੋਅਰੂਮ ਅਤੇ ਪੰਚਕੂਲਾ ਵਿੱਚ ਇੱਕ ਪਲਾਟ ਆਦਿ ਸ਼ਾਮਲ ਹਨ। ਇਹ ਵੀ ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਨ ਦੇ ਸਮੇਂ ਵੀ ਗੁਰਿੰਦਰ ਸਿੰਘ ’ਤੇ ਬੈਂਕ ਖਾਤੇ ਵਿੱਚੋਂ 65 ਕਰੋੜ ਰੁਪਏ ਦੀ ਨਕਦੀ ਕਢਵਾਉਣ ਦੇ ਦੋਸ਼ ਲੱਗੇ ਸਨ। ਵਿਜੀਲੈਂਸ ਨੇ ਪੜਤਾਲ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸੀਨੀਅਰ ਅਧਿਕਾਰੀਆਂ ਅਤੇ ਸਿੰਜਾਈ ਵਿਭਾਗ ਦੇ ਅਫ਼ਸਰਾਂ ਨੇ ਮਿਲੀਭੁਗਤ ਨਾਲ ਈ-ਟੈਂਡਰਿੰਗ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰਦਿਆਂ ਛੋਟੇ ਟੈਂਡਰਾਂ ਨੂੰ ਰਲਾ ਕੇ ਵੱਡਾ ਟੈਂਡਰ ਬਣਾ ਕੇ ਗੁਰਿੰਦਰ ਸਿੰਘ ਠੇਕੇਦਾਰ ਨੂੰ ਵਿੱਤੀ ਲਾਭ ਪਹੁੰਚਾਏ ਗਏ ਅਤੇ ਟੈਂਡਰਾਂ ਦੀ ਗੋਪਨੀਅਤਾ ਨੂੰ ਵੀ ਢਾਹ ਲਾਈ ਗਈ। ਇਸ ਠੇਕੇਦਾਰ ਨੂੰ ਲਗਭਗ 1000 ਕਰੋੜ ਰੁਪਏ ਦੇ ਟੈਂਡਰ ਅਲਾਟ ਹੋਏ ਜਿਹੜੇ ਵਿਭਾਗੀ ਰੇਟਾਂ ਨਾਲੋਂ 10-50 ਫੀਸਦ ਵੱਧ ਰੇਟਾਂ ’ਤੇ ਦਿੱਤੇ ਗਏ। ਅਲਾਟਮੈਂਟ ਵੇਲੇ ਸ਼ਰਤਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਬੋਲੀ ਦੇਣ ਵਾਲੇ ਠੇਕੇਦਾਰ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਅਤੇ ਹੋਰ ਠੇਕੇਦਾਰ ਇਸ ਮੁਕਾਬਲੇ ਵਿਚ ਖੜ੍ਹ ਨਾ ਸਕਣ। ਵਿਜੀਲੈਂਸ ਮੁਤਾਬਕ ਸਾਲ 2006-07 ਦੌਰਾਨ ਗੁਰਿੰਦਰ ਸਿੰਘ ਠੇਕੇਦਾਰ ਦੀ ਕੰਪਨੀ ਦੀ ਸਾਲਾਨਾ ਆਮਦਨ ਸਿਰਫ 4.74 ਕਰੋੜ ਰੁਪਏ ਸੀ ਜੋ ਸਾਲ 2016-17 ਦੌਰਾਨ ਵਧ ਕੇ 300 ਕਰੋੜ ਰੁਪਏ ਹੋ ਗਈ।
INDIA ਸਿੰਜਾਈ ਘੁਟਾਲਾ: ‘ਚਹੇਤੇ ਠੇਕੇਦਾਰ’ ਦੀਆਂ ਜਾਇਦਾਦਾਂ ਕੁਰਕ ਹੋਣਗੀਆਂ