ਚੰਡੀਗੜ੍ਹ : ਕੈਪਟਨ ਸਰਕਾਰ ਪਿਛਲੀ ਬਾਦਲ ਸਰਕਾਰ ਦੌਰਾਨ ਸਿੰਚਾਈ ਵਿਭਾਗ ‘ਚ ਹੋਏ ਅਰਬਾਂ ਰੁਪਏ ਦੇ ਘੁਟਾਲਿਆਂ ਨੂੰ ਬੇਨਕਾਬ ਕਰਨ ਦੀ ਥਾਂ ਦਬਾ ਰਹੀ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਲਾਇਆ।
ਮਾਨ ਨੇ ਦਾਅਵਾ ਕੀਤਾ ਕਿ ਘੁਟਾਲੇ ਦੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਨੇ ਲਿਖਤੀ ਇਕਬਾਲੀਆ ਬਿਆਨ ਰਾਹੀਂ ਨਾ ਸਿਰਫ਼ ਤੱਤਕਾਲੀ ਅਕਾਲੀ ਮੰਤਰੀਆਂ ਅਤੇ ਅਫ਼ਸਰਾਂ ਦੇ ਨਾਂ ਲਏ ਹਨ, ਸਗੋਂ ਉਨ੍ਹਾਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਰਿਸ਼ਵਤ ਦਾ ਪੂਰਾ ਬਿਓਰਾ ਲਿਖਾ ਦਿੱਤੀ ਸੀ।
ਮਾਨ ਨੇ ਕਿਹਾ ਹੈ ਕਿ ਗੁਰਿੰਦਰ ਭਾਪਾ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ 25 ਮਹੀਨੇ ਯਾਨੀ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੈਪਟਨ ਸਰਕਾਰ ਨੇ ਬਾਦਲਾਂ ਦੇ ਸਾਬਕਾ ਵਜ਼ੀਰਾਂ, ਆਈਏਐੱਸ ਅਫ਼ਸਰਾਂ ਅਤੇ ਮੁਲਜ਼ਮ ਵਿਭਾਗੀ ਅਧਿਕਾਰੀਆਂ ਨੂੰ ਹਾਲੇ ਤਕ ਹੱਥ ਕਿਉਂ ਨਹੀਂ ਪਾਇਆ ਹੈ? ਇਹ ਸਵਾਲ ਵਿਜੀਲੈਂਸ ਬਿਊੁਰੋ ਸਮੇਤ ਪੂਰੀ ਕੈਪਟਨ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਤੇ ਅਫ਼ਸਰਸ਼ਾਹੀ ਬਾਦਲਾਂ ਦੇ ਇਸ਼ਾਰੇ ‘ਤੇ ਨੱਚ ਰਹੀ ਹੈ।
ਜਾਰੀ ਬਿਆਨ ‘ਚ ਭਗਵੰਤ ਮਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਦੇ 10 ਸਾਲਾ ਰਾਜ ਮੌਕੇ ਹੋਇਆ ਕਰੋੜਾਂ ਦਾ ਸਿੰਚਾਈ ਘੁਟਾਲਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਕੀਤੀ ਅੰਨ੍ਹੀ ਲੁੱਟ ਦੀ ਪ੍ਰਤੱਖ ਮਿਸਾਲ ਹੈ।
ਮਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਲੋੜੀਂਦੇ ਸਖ਼ਤ ਕਦਮ ਨਾ ਚੁੱਕੇ ਤਾਂ ‘ਆਪ’ ਸਰਕਾਰ ‘ਤੇ ਹਰ ਸੰਭਵ ਦਬਾਅ ਬਣਾਵੇਗੀ ਅਤੇ ਲੋੜ ਪੈਣ ‘ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਏਗੀ।