ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਲਾਏ ਗਏ ਮੋਰਚਿਆਂ ’ਤੇ ਹੁਣ ਪੱਕੇ ਮਕਾਨ ਬਣਾਉਣ ਦੀ ਕਾਰਵਾਈ ਸਬੰਧੀ ਸੋਨੀਪਤ (ਹਰਿਆਣਾ) ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਕੌਮੀ ਸ਼ਾਹਰਾਹ ਨੰਬਰ-1 ’ਤੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਕਸਬੇ ਵਿੱਚ ਪੈਂਦੇ ਖੇਤਰ ’ਚ ਕੇਐੱਫਸੀ ਮਾਲ ਨੇੜੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਪਿਆਊ ਮਨਿਆਰੀ ਵਾਲੇ ਪਾਸੇ ਅਤੇ ਸਿੰਘੂ ਵੱਲ ਨੂੰ ਜਾਂਦਿਆਂ ਕਰੀਬ 25 ਮਕਾਨ ਉਸਾਰੇ ਗਏ ਹਨ। ਇਨ੍ਹਾਂ ਝੌਪੜੀਨੁਮਾ ਘਰਾਂ ਦੀਆਂ ਕੰਧਾਂ ਪੱਕੀਆਂ ਇੱਟਾਂ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਉੱਪਰ ਛੱਤਾਂ ਸਲਵਾੜ ਨਾਲ ਪਾਈਆਂ ਜਾ ਰਹੀਆਂ ਹਨ। ਕਿਸਾਨਾਂ ਮੁਤਾਬਕ ਇਹ ਗਰਮੀ ਤੋਂ ਬਚਣ ਦਾ ਆਮ ਅਤੇ ਸਸਤਾ ਹੱਲ ਹੈ। ਕਿਸਾਨਾਂ ਨੇ ਸਿੰਘੂ ਬਾਰਡਰ ਨੇੜੇ ਕਿਸਾਨ ਨਗਰ ਬਣਾਉਣ ਦਾ ਇਰਾਦਾ ਵੀ ਜ਼ਾਹਿਰ ਕੀਤਾ ਹੈ। ਟਿਕਰੀ ਮੋਰਚੇ ’ਤੇ ਵੀ ਕਿਸਾਨ ਸੋਸ਼ਲ ਆਰਮੀ ਨੇ ਅਜਿਹੇ ਮਕਾਨ ਬਣਾਏ ਹਨ। ਕਿਸਾਨ ਸੋਸ਼ਲ ਆਰਮੀ ਦੇ ਆਗੂ ਅਨਿਲ ਮਲਿਕ ਨੇ ਕਿਹਾ ਕਿ ਅਜਿਹੇ ਕਰੀਬ 1000 ਮਕਾਨ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਉੱਧਰ, ਕੌਮੀ ਸ਼ਾਹਰਾਹ ਅਥਾਰਿਟੀ ਅਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ’ਤੇ ਨਿਯਮਾਂ ਖ਼ਿਲਾਫ਼ ਜਾ ਕੇ ਕੌਮੀ ਸ਼ਾਹਰਾਹ ’ਤੇ ਪੱਕੀਆਂ ਉਸਾਰੀਆਂ ਕਰਨ ਦੇ ਦੋਸ਼ ਹੇਠ ਕੁੰਡਲੀ ਥਾਣੇ ਵਿੱਚ ਕਿਸਾਨਾਂ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਕੌਮੀ ਸ਼ਾਹਰਾਹ ਅਥਾਰਿਟੀ ਦੇ ਪ੍ਰਾਜੈਕਟ ਅਧਿਕਾਰੀ ਆਨੰਦ ਤੇ ਕੌਂਸਲ ਦੇ ਅਧਿਕਾਰੀ ਪਵਨ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਪੱਕੇ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਟਿਕਰੀ ਤੇ ਸਿੰਘੂ ਵਿੱਚ ਟਿਊਬਵੈੱਲ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਅਤੇ ਕਿਸਾਨ ਸੰਘਰਸ਼ ਲੰਬਾ ਚੱਲਣ ਦੇ ਖ਼ਦਸ਼ਿਆਂ ਕਾਰਨ ਕਿਸਾਨਾਂ ਵੱਲੋਂ ਇਹ ਵਿਉਂਤਬੰਦੀ ਕੀਤੀ ਗਈ ਹੈ।