ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਨੂੰਨਾਂ ਖਿਲਾਫ਼ ਦੇਸ਼ ਭਰ ’ਚ ਚੱਲ ਰਹੇ ਅੰਦੋਲਨ ’ਚ ਜਿੱਥੇ ਵੱਖ-ਵੱਖ ਰਾਜਾਂ ਦੇ ਕਿਸਾਨ ਸਰਗਰਮ ਹਨ ਉੱਥੇ ਕਲਾਕਾਰ ਵੀ ਆਪਣੋ-ਆਪਣੇ ਤਰੀਕੇ ਨਾਲ ਸੰਘਰਸ਼ ਨੂੰ ਮਘਾ ਰਹੇ ਹਨ। ਮਾਨਵ ਮੰਚ ਪਟਿਆਲਾ ਦੀ ਟੀਮ ਵੱਲੋਂ ਅੱਜ ਸਿੰਘੂ ਬਾਰਡਰ ਦਿੱਲੀ ਵਿਖੇ ਨਾਟਕ ‘ਚੱਲੋ ਦਿੱਲੀ’ ਰਾਹੀਂ ਰੰਗ ਬੰਨ੍ਹਿਆ। ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਉਕਤ ਨਾਟਕ ਦੇ ਪਾਤਰ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਵਡੇਰੀ ਉਮਰ ਦੇ ਨੇਤਾਵਾਂ ਤੇ ਨੌਜਵਾਨਾਂ ਨੂੰ ਬਣਾਇਆ ਗਿਆ ਹੈ।
ਨਾਟਕ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੋਕ ਕਿਸਾਨ ਆਗੂਆਂ ਨਾਲ ਬਹਿਸ ਕਰਦੇ ਹਨ ਅਤੇ ਕਾਨੂੰਨ ਨੂੰ ਰੱਦ ਕਰਨ ਸਬੰਧੀ ਬੇਬਸੀ ਜ਼ਾਹਰ ਕਰਦੇ ਨਜ਼ਰ ਆਉਂਦੇ ਹਨ ਪਰ ਨੌਜਵਾਨ ਆਗੂ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਕਿਸਾਨ ਸੰਘਰਸ਼ ’ਚ ਕੁੱਦਣ ਲਈ ਉਤਸ਼ਾਹਿਤ ਕਰ ਦਿੰਦੇ ਹਨ। ਜਿਸ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਕਿਸਾਨ ਮੋਰਚੇ ’ਚ ਜਾਣ ਲਈ ਤਿਆਰ ਹੋ ਜਾਂਦੇ ਹਨ। ਇਸ ਨਾਟਕ ’ਚ ਗੋਦੀ ਮੀਡੀਆ, ਕਾਲੇ ਕਾਨੂੰਨਾਂ, ਸਰਮਾਏਦਾਰ ਲੋਕਾਂ ਦੁਆਰਾ ਕੀਤੀ ਜਾਣ ਵਾਲੀ ਲੁੱਟ ਅਤੇ ਭੋਲਭਾਲੇ ਲੋਕਾਂ ਦੀ ਤਰਾਸ਼ਦੀ ਨੂੰ ਖੂਬਸੂਰਤ ਤਰੀਕੇ ਨਾਲ ਚਿਤਰਿਆ ਗਿਆ ਹੈ। ਗੁੰਦਵੀਂ ਕਹਾਣੀ ਦੇ ਲੱਛੇਦਾਰ ਸੰਵਾਦ ਦਰਸ਼ਕਾਂ ਨੂੰ ਨਾਟਕ ਨਾਲ ਜੋੜੀ ਰੱਖਦੇ ਹਨ।
ਨਾਟਕ ਇੱਕ ਇਨਕਲਾਬੀ ਗੀਤ ਨਾਲ ਨੇਪਰੇ ਚੜਦਾ ਹੈ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਿਦਆਰਥੀਆਂ ਦੀ ਉਕਤ ਟੀਮ ਦੇ ਕਲਾਕਾਰ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਕਸਿਆਣਾ, ਮਨਿੰਦਰ ਸਿੰਘ, ਸਿਮਰਤਰਾਜ ਸਿੰਘ, ਸ਼ਰਨਦੀਪ ਚੀਮਾਂ, ਜਸਕਰਨ ਸਿੰਘ, ਮਹਿਕਪ੍ਰੀਤ ਅਤਾਪੁਰ, ਤਨੂਜਾ, ਕਿਰਨ ਤੇ ਸ਼ਰਨਦੀਪ ਸੰਧੂ ਆਪਣੀ ਅਦਾਕਾਰੀ ਰਾਹੀਂ ਨਾਟਕ ਨੂੰ ਸਫਲ ਬਣਾ ਦਿੰਦੇ ਹਨ। ਦੱਸਣਯੋਗ ਹੈ ਮਾਨਵ ਮੰਚ ਦੀ ਟੀਮ ਵੱਲੋਂ ’ਚਲੋ ਦਿੱਲੀ’ ਨਾਟਕ ਨਾਲ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਨੂੰ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ।ਹਰ ਥਾਂ ਦਰਸ਼ਕਾਂ ਵੱਲੋਂ ਮਾਨਵ ਮੰਚ ਦੀ ਟੀਮ ਨੂੰ ਬਹੁਤ ਹੁੰਗਾਰਾ ਦੇ ਰਹੇ ਹਨ।