ਸਿੰਗਾਪੁਰ (ਸਮਾਜ ਵੀਕਲੀ) : ਭਾਰਤੀ ਮੂਲ ਦੇ ਜੁਡੀਸ਼ੀਅਲ ਕਮਿਸ਼ਨਰ ਅਤੇ ਬੌਧਿਕ ਸੰਪਤੀ ਮਾਹਿਰ ਦੀਦਾਰ ਸਿੰਘ ਗਿੱਲ ਨੇ ਅੱਜ ਇੱਥੇ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਇਸ ਵਰ੍ਹੇ ਅਪਰੈਲ ’ਚ ਸ੍ਰੀ ਗਿੱਲ ਦੀ ਇਸ ਵੱਕਾਰੀ ਅਹੁਦੇ ’ਤੇ ਨਿਯੁਕਤੀ ਨੂੰ ਹਰੀ ਝੰਡੀ ਮਿਲ ਗਈ ਸੀ ਤੇ ਉਨ੍ਹਾਂ ਅੱਜ ਰਾਸ਼ਟਰਪਤੀ ਹਲੀਮਾਹ ਯਾਕੋਬ ਦੀ ਮੌਜੂਦਗੀ ’ਚ ਅਹੁਦੇ ਦੀ ਸਹੁੰ ਚੁੱਕੀ।
ਜਸਟਿਸ ਗਿੱਲ (61) ਦੀ ਅਗਸਤ 2018 ’ਚ ਸੁਪਰੀਮ ਕੋਰਟ ਦੇ ਬੈਂਚ ’ਚ ਜੁਡੀਸ਼ੀਅਲ ਕਮਿਸ਼ਨਰ ਵਜੋਂ ਨਿਯੁਕਤੀ ਹੋਈ ਸੀ। ਸੁਪਰੀਮ ਕੋਰਟ ’ਚ ਹਾਈ ਕੋਰਟ ਤੇ ਕੋਰਟ ਆਫ਼ ਅਪੀਲ ਸ਼ਾਮਲ ਹਨ। ਸ੍ਰੀ ਗਿੱਲ ਦੀ ਨਿਯੁਕਤ ਨਾਲ ਹੁਣ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 25 ਹੋ ਗਈ ਹੈ, ਜਿਨ੍ਹਾਂ ’ਚ ਚਾਰ ਜੁਡੀਸ਼ੀਅਲ ਕਮਿਸ਼ਨਰ, ਚਾਰ ਸੀਨੀਅਰ ਜੱਜ ਤੇ 17 ਕੌਮਾਂਤਰੀ ਜੱਜ ਸ਼ਾਮਲ ਹਨ।