ਮਾਨਸਾ 29 ਅਗਸਤ ( ਔਲਖ ) (ਸਮਾਜ ਵੀਕਲੀ) : ਮਾਨਸਾ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਫਾਰਮੇਸੀ ਅਫਸਰ ਯੂਨੀਅਨ, ਮੈਡੀਕਲ ਲੈਬ ਟੈਕਨੀਸ਼ੀਅਨ ਯੂਨੀਅਨ, ਆਸ਼ਾ ਵਰਕਰ ਯੂਨੀਅਨ ਅਤੇ ਸਟਾਫ਼ ਨਰਸਜ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਅਫਵਾਹਾਂ ਦੇ ਚਲਦੇ ਲੋਕਾਂ ਵੱਲੋ ਸਿਹਤ ਮੁਲਾਜ਼ਮਾਂ ਦਾ ਘਿਰਾਓ ਅਤੇ ਦੁਰਵਿਹਾਰ ਕੀਤੇ ਜਾਣ ਦੀ ਨਿੰਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਬੱਛੋਆਣਾ ਵਿਖੇ ਸਿਹਤ ਮੁਲਾਜ਼ਮਾਂ ਦੀ ਟੀਮ ਇਕ ਕਰੋਨਾ ਪਾਜ਼ਿਟਿਵ ਮਰੀਜ਼ ਨੂੰ ਸਿਫਟ ਕਰਵਾਉਣ ਲਈ ਪਹੁੰਚੀ ਪਰ ਪਿੰਡ ਦੇ ਕੁਝ ਵਿਅਕਤੀਆਂ ਵੱਲੋ ਮਰੀਜ਼ ਨੂੰ ਭੇਜਣ ਤੋਂਂ ਇਨਕਾਰ ਕਰ ਦਿੱਤਾ ਅਤੇ ਸਿਹਤ ਮੁਲਾਜ਼ਮਾਂ ਨੂੰ ਐਂਬੁਲੈਂਸ ਸਮੇਤ ਘੇਰ ਲਿਆ ਅਤੇ ਚਾਬੀ ਕੱਢ ਲੲੀ।
ਇਸ ਘਟਨਾਕ੍ਰਮ ਸਬੰਧੀ ਸਿਹਤ ਮੁਲਾਜ਼ਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਵਜੋਂ ਬੁਢਲਾਡਾ ਵਿੱਚ ਸਿਹਤ ਮੁਲਾਜ਼ਮਾਂ ਵੱਲੋਂ ਕੋਵਿਡ-19 ਦੇ ਕੰਮ ਦਾ ਬਾਈਕਾਟ ਕੀਤਾ ਗਿਆ ਹੈ। ਸੰਘਰਸ਼ ਕਮੇਟੀ ਆਗੂ ਜਗਦੀਸ਼ ਸਿੰਘ ਪੱਖੋ ਅਤੇ ਬਰਜਿੰਦਰ ਸਿੰਘ ਪ੍ਰਧਾਨ ਐਮ ਐਲ ਟੀ ਯੂਨੀਅਨ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜੇਕਰ ਛੇਤੀ ਇਸ ਘਟਨਾਕ੍ਰਮ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਜ਼ਿਲੇ ਦੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਕੋਵਿਡ-19 ਦੇ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਮੁਲਾਜ਼ਮ ਆਗੂ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਅਫਵਾਹਾਂ ਦਾ ਬਾਜ਼ਾਰ ਇਨ੍ਹਾਂ ਗਰਮ ਹੈ ਕਿ ਪਿੰਡ ਪਿੰਡ ਅਨਾਊਂਸਮੈਂਟ ਕਰ ਕੇ ਸਿਹਤ ਮੁਲਾਜ਼ਮਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਸੋਸ਼ਲ ਮੀਡੀਆ ਅਤੇ ਕੁਝ ਕਥਿਤ ਨਿਊਜ਼ ਚੈਨਲਾਂ ਉੱਤੇ ਸਿਹਤ ਮੁਲਾਜ਼ਮਾਂ ਪ੍ਰਤੀ ਭੜਕਾਊ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ। ਸਾਡੇ ਆਮ ਲੋਕ ਛੇਤੀ ਅਜਿਹੀਆਂ ਖਬਰਾਂ ਦੇ ਪ੍ਰਭਾਵ ਵਿੱਚ ਆ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਕਰੋਨਾ ਯੋਧੇ ਕਹਿਣ ਵਾਲੇ ਲੋਕ ਹੁਣ ਪਿੰਡਾਂ ਵਿੱਚ ਵੜਨ ਤੋਂ ਵੀ ਰੋਕ ਰਹੇ ਹਨ। ਸਰਕਾਰ ਨੂੰ ੳੁਕਤ ਘਟਨਾਵਾਂ ਸਬੰਧੀ ਸਪੱਸ਼ਟ ਕਾਰਵਾਈ ਕਰ ਕੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਕੇਵਲ ਸਿੰਘ ਸਰਪ੍ਰਸਤ ਮਲਟੀਪਰਪਜ ਹੈਲਥ ਇੰਪਲਿਇਜ ਯੂਨੀਅਨ, ਸੁਖਵਿੰਦਰ ਕੌਰ ਸਟਾਫ਼ ਨਰਸਜ ਯੂਨੀਅਨ, ਸੁਖਵਿੰਦਰ ਕੌਰ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੇਟਰ ਯੂਨੀਅਨ, ਚੰਦਰਕਾਂਤ ਫਾਰਮੇਸੀ ਅਫਸਰ ਯੂਨੀਅਨ , ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।