ਬਰਗਰ, ਪੀਜ਼ਾ ਤੇ ਨੂਡਲਜ਼ ਸਹਿਤ ਹੋਰ ਫਾਸਟ ਫੂਡ ਦਾ ਸਵਾਦ ਸਿਹਤ ਲਈ ਖ਼ਤਰਾ ਸਾਬਿਤ ਹੋ ਰਿਹਾ ਹੈ। ਮੋਹਰੀ ਖੋਜ ਸੰਸਥਾ ‘ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ’ (ਸੀਐੱਸਈ) ਦੀ ਤਾਜ਼ਾ ਅਧਿਐਨ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਬਾਜ਼ਾਰ ਵਿਚ ਉਪਲਬਧ ਕਰੀਬ ਸਾਰੀਆਂ ਨਾਮਵਰ ਕੰਪਨੀਆਂ ਦੇ ਜੰਕ ਫੂਡ ’ਚ ਲੂਣ, ਫੈਟ, ਕਾਰਬੋਹਾਈਡ੍ਰੇਟਸ ਦੀ ਮਾਤਰਾ ਨਿਰਧਾਰਿਤ ਹੱਦ ਤੋਂ ਖ਼ਤਰਨਾਕ ਪੱਧਰ ਤੱਕ ਵੱਧ ਪਾਈ ਗਈ ਹੈ। ਭਾਰਤੀ ਬਾਜ਼ਾਰ ਵਿਚ ਉਪਲਬਧ ਜ਼ਿਆਦਾਤਰ ਪੈਕੇਟ ਬੰਦ ਖਾਣੇ ਤੇ ਫਾਸਟ ਫੂਡ ਵਿਚ ਇਹ ਤੱਤ ਭਾਰਤੀ ਖ਼ੁਰਾਕ ਸੁਰੱਖਿਆ ਤੇ ਸਟੈਂਡਰਡਜ਼ ਅਥਾਰਿਟੀ ਵੱਲੋਂ ਤੈਅ ਹੱਦ ਤੋਂ ਬਹੁਤ ਜ਼ਿਆਦਾ ਹਨ। ਮਿਕਦਾਰ ਦਰਸਾਉਣ ਲਈ ਜੁਲਾਈ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਸਰਕਾਰ ਨੇ ਨੋਟੀਫਾਈ ਨਹੀਂ ਕੀਤਾ ਹੈ।