ਨਵੀਂ ਦਿੱਲੀ (ਸਮਾਜਵੀਕਲੀ): ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਉਸ ਨੇ ਲੋੜੀਂਦੇ ਕਦਮ ਚੁੱਕੇ ਹਨ, ਪਰ ਹਸਪਤਾਲਾਂ ਵਿੱਚ ਲਾਗ ਤੋਂ ਬਚਾਅ ਤੇ ਕੰਟਰੋਲ (ਆਈਪੀਸੀ) ਸਰਗਰਮੀਆਂ ਨੂੰ ਅਮਲ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਹਸਪਤਾਲਾਂ ਦੀ ਹੈ ਤੇ ਅਸਲ ਜ਼ਿੰਮੇਵਾਰੀ ਸਿਹਤ ਸੰਭਾਲ ’ਚ ਲੱਗੇ ਕਾਮਿਆਂ ਦੀ ਹੈ, ਕਿ ਉਹ ਖ਼ੁਦ ਨੂੰ ਕੋਵਿਡ-19 ਤੋਂ ਬਚਾਉਣ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਸਟਿਸ ਅਸ਼ੋਕ ਭੂਸ਼ਨ, ਸੰਜੈ ਕਿਸ਼ਨ ਕੌਲ ਤੇ ਐੱਮ.ਆਰ.ਸ਼ਾਹ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਸਿਹਤ ਕਾਮਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਖੁ਼ਦ ਨੂੰ ਤਿਆਰ ਕਰਨ ਅਤੇ ਨਾ ਸਿਰਫ਼ ਕੋਵਿਡ ਦੀ ਲਾਗ ਬਲਕਿ ਹੋਰ ਰੋਗਾਂ ਤੋਂ ਬਚਣ ਲਈ ਹਰ ਸੰਭਵ ਹੀਲਾ ਵਰਤਣ। ਪਟੀਸ਼ਨਰ ਡਾ.ਆਰੁਸ਼ੀ ਜੈਨ ਨੇ ਸਰਕਾਰ ਵੱਲੋਂ ਕੋਵਿਡ-19 ਦੇ ਟਾਕਰੇ ਵਿੱਚ ਲੱਗੇ ਸਿਹਤ ਕਾਮਿਆਂ ਲਈ ਜਾਰੀ ਨਵੀਆਂ ਸੇਧਾਂ ’ਤੇ ਉਜਰ ਜਤਾਇਅਾ ਸੀ।