ਪੰਜਾਬ ਵਿੱਚ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਭਾਵੇਂ ਅਜੇ ਦੋ ਹੀ ਹੈ, ਫਿਰ ਵੀ ਸਰਕਾਰ ਅਤੇ ਸੂਬੇ ਦੇ ਸਿਹਤ ਵਿਭਾਗ ਵੱਲੋਂ ਇਹਤਿਆਤ ਵਜੋਂ ਕਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਹਾਲਾਤ ਵਿੱਚ ਮਾਹਿਰਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅਫ਼ਵਾਹਾਂ ਤੋਂ ਬਚ ਕੇ ਇਸ ਬਿਮਾਰੀ ਦਾ ਟਾਕਰਾ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।
ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪ੍ਰੋ. ਸ਼ਿਆਮ ਸੁੰਦਰ ਦੀਪਤੀ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਵਿਚ ਤਬਦੀਲੀ ਕਰਨ ਜਾਂ ਕੁਝ ਸਿਹਤਮੰਦ ਢੰਗ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ‘ਵਾਇਰਸ’ ਹਵਾ ਰਾਹੀਂ ਨਹੀਂ ਫੈਲਦਾ। ਖਾਂਸੀ ਜਾਂ ਛਿੱਕ ਦੀਆਂ ਬੂੰਦਾਂ ਨਾਲ ਜਰਮ ਬਾਹਰ ਆਉਂਦੇ ਹਨ, ਇਸ ਲਈ ਮਾਸਕ ਦੀ ਲੋੜ ਲੱਛਣਾਂ ਵਾਲੇ ਵਿਅਕਤੀ ਨੂੰ ਹੈ, ਨਾ ਕਿ ਸਿਹਤਮੰਦ ਵਿਅਕਤੀ ਨੂੰ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਵਾਇਰਸ ਹੱਥ ਉੱਪਰ ਆ ਜਾਂਦੇ ਹਨ, ਜਿਥੇ ਉਹ 6 ਤੋਂ 12 ਘੰਟੇ ਜਿਊਂਦੇ ਰਹਿੰਦੇ ਹਨ, ਅਤੇ ਉਸ ਦੌਰਾਨ ਤੁਸੀਂ ਕਿਸੇ ਮਸ਼ੀਨ ਜਾਂ ਸਾਮਾਨ ਨੂੰ ਇਸਤੇਮਾਲ ਕਰਦੇ ਹੋ, ਦਰਵਾਜ਼ਾ ਖੋਲ੍ਹਦੇ ਹੋ, ਕਿਸੇ ਨਾਲ ਹੱਥ ਮਿਲਾਉਂਦੇ ਹੋ ਤਾਂ ਤੁਸੀਂ ਉਹ ਜਰਮ ਫੈਲਾ ਰਹੇ ਹੁੰਦੇ ਹੋ। ਇਸੇ ਤਰ੍ਹਾਂ ਇਹ ਜਰਮ ਜੇਕਰ ਕਿਸੇ ਸਾਮਾਨ, ਦਰਵਾਜ਼ੇ ਜਾਂ ਕਿਸੇ ਹੋਰ ਅਜਿਹੀ ਥਾਂ ’ਤੇ ਪਹੁੰਚੇ ਹੋਏ ਹੋਣ ਤਾਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੀ ਸੂਰਤ ਵਿਚ ਉਸ ਥਾਂ/ਸਾਮਾਨ ਨੂੰ ਛੂਹਣ ਮਗਰੋਂ, ਉਸ ਹੱਥ ਨੂੰ ਆਪਣੇ ਨੱਕ, ਮੂੰਹ, ਅੱਖਾਂ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਫੌਰਨ ਹੱਥਾਂ ਨੂੰ ਸਾਬਣ ਨਾਲ ਧੋਇਆ ਜਾਵੇ। ਸਮਝਣ ਅਤੇ ਸੁਚੇਤ ਹੋਣ ਦੀ ਸਾਧਾਰਨ ਜਿਹੀ ਵਿਧੀ ਹੈ, ਛਿੱਕਣ ਦੀ ਸਿਹਤਮੰਦ ਕਲਾ ਸਿੱਖਣਾ ਅਤੇ ਹੱਥਾਂ ਨੂੰ ਸ਼ੱਕੀ ਥਾਂ ਦੇ ਛੋਹੇ ਜਾਣ ਮਗਰੋਂ ਸਾਬਣ ਨਾਲ ਧੋਣ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਕਿਸੇ ਨਾਲ ਹੱਥ ਨਾ ਮਿਲਾਇਆ ਜਾਵੇ।
ਡਾ. ਕੇ.ਪੀ. ਸਿੰਘ ਦਾ ਕਹਿਣਾ ਹੈ ਕਿ ਘਰ ਵਿੱਚ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਵਸਤਾਂ ਜਿਵੇਂ ਦੁੱਧ, ਪਨੀਰ, ਦਹੀਂ, ਲੱਸੀ, ਸਬਜ਼ੀਆਂ, ਫਲ਼, ਦਾਲਾਂ, ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਦੀ ਵਰਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਇਸ ਲਈ ਲੋੜ ਡਰਨ ਦੀ ਨਹੀਂ ਸਗੋਂ ਇਹਤਿਆਤ ਵਰਤਣ ਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਹਰ ਪਾਸਿਓਂ ਵਰਤੇ ਜਾਣ ਦੀ ਜ਼ਰੂਰਤ ਹੈ। ਇਸ ਵਾਇਰਸ ਤੋਂ ਪੀੜਤ ਵਿਅਕਤੀ ਜਰਮ ਨੂੰ ਜਿਸ ਜਗ੍ਹਾ ’ਤੇ ਵੀ ਛੱਡੇਗਾ, ਵਾਇਰਸ ਦੇ ਅੱਗੇ ਇੱਕ ਤੋਂ ਦੂਜੇ ਵਿਅਕਤੀ ਦੇ ਅੰਦਰ ਜਾਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਇਨ੍ਹਾਂ ਖ਼ਤਰਿਆਂ ਦਾ ਟਾਕਰਾ ਸਿਹਤਮੰਦ ਅਤੇ ਸਾਵਧਾਨ ਰਹਿ ਕੇ ਹੀ ਕੀਤਾ ਜਾ ਸਕਦਾ ਹੈ। ਡਾ. ਦੀਪਤੀ ਦਾ ਕਹਿਣਾ ਹੈ ਕਿ ਕਿਸੇ ਵੀ ਭੀੜ-ਭੜੱਕੇ ਵਾਲੇ ਇਲਾਕੇ ਦਾ ਹਿੱਸਾ ਬਣਨ ਤੋਂ ਪਰਹੇਜ਼ ਕੀਤਾ ਜਾਵੇ। ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਬਿਮਾਰੀ ਘਾਤਕ ਸਿੱਧ ਹੋਈ ਹੈ, ਉਨ੍ਹਾਂ ਵਿਚ 50 ਫ਼ੀਸਦੀ ਅਜਿਹੇ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਰੋਗ, ਦਮਾ ਜਾਂ ਸਾਹ ਦੀ ਬਿਮਾਰੀ ਆਦਿ ਸੀ; ਅਤੇ ਦੂਸਰੇ ਜੋ ਲੋਕ ਪ੍ਰਭਾਵਿਤ ਹੋਏ ਹਨ, ਉਹ 70 ਸਾਲ ਤੋਂ ਵੱਡੀ ਉਮਰ ਦੇ ਸਨ। ਇਸ ਲਈ ਖਾਸ ਤੌਰ ’ਤੇ ਅਜਿਹੇ ਲੋਕ ਇਕੱਠ ਵਾਲੀ ਥਾਂ ਤੋਂ ਦੂਰ ਰਹਿਣ। ਆਹਾਰ ਵਿਗਿਆਨੀ ਡਾ. ਸ਼ਰੁਤੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਵੱਧ ਜ਼ਰੂਰਤ ਪੌਸ਼ਟਿਕ ਖਾਣਾ ਖਾਣ ਦੀ ਹੈ। ਘਰ ਵਿਚ ਆਮ ਬਣਿਆ ਭਰ-ਪੇਟ ਖਾਣਾ ਖਾਓ। ਉਨ੍ਹਾਂ ਦੱਸਿਆ ਕਿ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਣ ਲਈ ਵਿਟਾਮਿਨ ਸੀ, ਬੀ ਅਤੇ ਡੀ ਲੋੜੀਂਦੀ ਮਾਤਰਾ ਵਿੱਚ ਜਾਂ ਇਨ੍ਹਾਂ ਵਿਟਾਮਿਨਾਂ-ਯੁਕਤ ਖਾਣਾ ਖਾਧਾ ਜਾਵੇ। ਡਾ. ਸ਼ਰੁਤੀ ਮੁਤਾਬਕ ਲੋੜੀਂਦੀ ਮਾਤਰਾ ਵਿੱਚ ਜ਼ਿੰਕ ਲੈਣਾ ਅਤੇ ਚੰਗਾ ਭੋਜਨ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ।
INDIA ਸਿਹਤਮੰਦ ਤੇ ਸਾਵਧਾਨ ਰਹਿ ਕੇ ਦਿਓ ਕਰੋਨਾਵਾਇਰਸ ਨੂੰ ਟੱਕਰ: ਮਾਹਿਰ