ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਮੁਹਾਲੀ ਤੇ ਖਰੜ ਨਾਲੋਂ ਸੰਪਰਕ ਟੁੱਟਿਆ; ਲੋਕਾਂ ਦੇ ਸਾਹ ਸੂਤੇ, ਘੱਗਰ ਦਰਿਆ ਨੱਕੋ-ਨੱਕ ਭਰਿਆ
ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਮੁਹਾਲੀ ਖੇਤਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸਿਸਵਾਂ ਨਦੀ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਟੱਪ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ ਕੀ ਰਾਓ, ਜੈਅੰਤੀ ਕੀ ਰਾਓ, ਐਨ ਚੋਅ ਅਤੇ ਲਖਨੌਰ ਚੋਅ ਵਿੱਚ ਪਾਣੀ ਓਵਰਫਲੋ ਹੋ ਰਿਹਾ ਹੈ ਅਤੇ ਘੱਗਰ ਵਿੱਚ ਵੀ ਰਿਕਾਰਡਤੋੜ ਪਾਣੀ ਆਉਣ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਹਨ। ਮਾਜਰੀ ਬਲਾਕ ਵਿੱਚ ਕਈ ਪਸ਼ੂ ਪਾਲਕ ਪਾਣੀ ਵਿੱਚ ਫਸ ਗਏ ਅਤੇ ਗੁੱਜਰ ਭਾਈਚਾਰੇ ਦੇ ਪਸ਼ੂ ਗਾਇਬ ਹੋਣ ਬਾਰੇ ਵੀ ਸੂਚਨਾ ਮਿਲੀ ਹੈ। ਪੁਲੀਸ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪਾਣੀ ਵਿੱਚ ਫਸੇ ਕਈ ਵਿਅਕਤੀ ਸਹੀ ਸਲਾਮਤ ਬਾਹਰ ਕੱਢ ਲਿਆ ਹੈ। ਕਈ ਪਿੰਡਾਂ ਵਿੱਚ ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ ਦੋ ਟਰੈਕਟਰ, ਇਕ ਗੱਡੀ ਅਤੇ ਹੋਰ ਸਾਮਾਨ ਪਾਣੀ ਵਿੱਚ ਰੁੜ੍ਹਨ ਬਾਰੇ ਪਤਾ ਲੱਗਾ ਹੈ। ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਐਤਵਾਰ ਨੂੰ ਵਰ੍ਹਦੇ ਮੀਂਹ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਏਡੀਸੀ (ਜ) ਸਾਕਸ਼ੀ ਸਾਹਨੀ, ਐੱਸਡੀਐਮ, ਤਹਿਸੀਲਦਾਰ ਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਮੁਹਾਲੀ ਨੇੜਲੇ ਪਿੰਡ ਰਾਏਪੁਰ ਕਲਾਂ ਵਿੱਚ ਵੀ ਰੇਲਵੇ ਅੰਡਰਬ੍ਰਿਜ ਦੇ ਹੇਠਾਂ ਪਾਣੀ ਭਰ ਗਿਆ ਹੈ ਤੇ ਕਈ ਪਿੰਡਾਂ ਦਾ ਮੁਹਾਲੀ ਅਤੇ ਖਰੜ ਨਾਲ ਸੰਪਰਕ ਟੁੱਟ ਗਿਆ ਹੈ। ਇੰਝ ਹੀ ਖਰੜ-ਬਡਾਲਾ ਅਤੇ ਰੰਧਾਵਾ ਸੜਕ ’ਤੇ ਡਾ. ਐਮਐਸ ਰੰਧਾਵਾ ਦੀ ਰਿਹਾਇਸ਼ ਨੇੜੇ ਰੇਲਵੇ ਅੰਡਰਬ੍ਰਿਜ ਹੇਠਾਂ ਮੀਂਹ ਦਾ ਪਾਣੀ ਭਰ ਗਿਆ ਹੈ। ਫੇਜ਼-2 ਦੀ ਮਾਰਕੀਟ ਵਿੱਚ ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆਈਆਂ। ਡੀਆਰਓ ਮੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਟਿਵਾਣਾ (ਜ਼ੀਰਕਪੁਰ) ਨੂੰ ਖ਼ਤਰਾ ਮਹਿਸੂਸ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਹੀ ਸਲਾਮਤ ਸੁਰੱਖਿਆ ਸਥਾਨ ’ਤੇ ਪਹੁੰਚ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭਗਿੰਡੀ, ਮਿਰਜ਼ਾਪੁਰ, ਨਿਹੌਲਕਾ, ਰਕੌਲੀ, ਸਿਸਵਾਂ ਨਦੀ, ਜ਼ੀਰਕਪੁਰ ਟਾਂਗਰੀ ਨਦੀ ਦੇ ਬੰਨ੍ਹ ’ਚ ਪਾੜ ਪੈਣ ਅਤੇ ਸ਼ਤਾਬਗੜ੍ਹ ਦੇ ਕਿਸਾਨ ਦੀਦਾਰ ਸਿੰਘ ਦੇ ਖੇਤਾਂ ਵਿੱਚ ਘੱਗਰ ਦਾ ਪਾਣੀ ਵੜਨ ਬਾਰੇ ਸੂਚਨਾਵਾਂ ਮਿਲੀਆਂ ਹਨ। ਘਾੜ ਇਲਾਕੇ ਦੇ ਪਿੰਡਾਂ ਤਾਰਾਪੁਰ, ਮਿਰਜ਼ਾਪੁਰ, ਬੜੀ ਤੇ ਛੋਟੀ ਖੇੜੀਆਂ, ਨਗਲੀਆਂ, ਕਾਦੀਮਾਜਰਾ ਵਿੱਚ ਸੜਕਾਂ ’ਤੇ ਪੁਲੀਆਂ ਟੁੱਟਣ ਕਾਰਨ ਲੋਕਾਂ ਦਾ ਲਾਂਘਾ ਬੰਦ ਹੋ ਗਿਆ ਹੈ। ਗੂੜਾ-ਕਸੌਲੀ, ਸਿਆਲਬਾ ਫੈਕਟਰੀ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਫੈਕਟਰੀ ਕਾਮਿਆਂ ਨੂੰ ਬਾਹਰ ਕੱਢਿਆ ਗਿਆ। ਸਰਕਾਰੀ ਸਕੂਲ ਤੀੜਾ ਵਿੱਚ ਵੀ ਪਾਣੀ ਵੜ ਗਿਆ ਹੈ।