(ਸਮਾਜ ਵੀਕਲੀ)
ਕਾਲਜ ਵਿੱਚ ਸਾਹਿਤ ਦੇ ਸਿਲੇਬਸ ਵਿੱਚ ਲੱਗੀ ‘ਚੋਣਵੀਆਂ ਰਚਨਾਵਾਂ’ ਵਾਲ਼ੀ ਕਿਤਾਬ ਅਜੇ ਤੱਕ ਛਪ ਕੇ ਨਹੀਂ ਸੀ ਆਈ। ਯੂਨੀਵਰਸਿਟੀ ਦੇ ਦੋ ਵਿਦਵਾਨ ਪ੍ਰੋਫ਼ੈਸਰ ਉਸ ਕਿਤਾਬ ਦੇ ਸੰਪਾਦਕ ਸਨ। ਸੰਪਾਦਕਾਂ ਨੇ ਆਪਣਾ ਕਾਰਜ ਨਬੇੜ ਦਿੱਤਾ ਸੀ। ਸਮੱਸਿਆ ਇਹ ਸੀ ਕਿ ਯੂਨੀਵਰਸਿਟੀ ਕੋਲ਼ ਛਪਾਈ ਦੇ ਪੈਸੇ ਨਹੀਂ ਸਨ। ਉਂਝ ਯੂਨੀ. ਬਥੇਰੇ ਨੋਟ ਛਾਪ ਰਹੀ ਸੀ ਪਰ ਵਿਦਿਆਰਥੀਆਂ ਦੇ ਡੀ.ਐਮ.ਸੀਜ਼, ਡਿਗਰੀਆਂ, ਸਿਲੇਸਬੀ ਕਿਤਾਬਾਂ ਛਾਪਣ ਲਈ ਕਾਗ਼ਜ਼ ਨਹੀਂ ਸੀ। ‘ਕਾਗ਼ਜ਼ ਖ਼ਰੀਦਣ ਲਈ ਪੈਸੇ ਨਹੀਂ ਹਨ’ ਨਾਮਕ ਨੋਟ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਘੱਟੇ–ਰੁਲ਼ਦੀ ਫ਼ਾਇਲ ਵਿੱਚ ਟੈਗ ਨਾਲ਼ ਫਾਹੇ ਟੰਗਿਆ ਹੋਇਆ ਸੀ।
ਇੱਕ ਨਾਮੀ ਕਾਲਜ ਦਾ ਇੱਕ ਨਾਮੀ ਪ੍ਰੋਫ਼ੈਸਰ (ਨਾਮ ਦਾ ਹੀ ਪ੍ਰੋਫ਼ੈਸਰ) ਸ਼੍ਰੀ ਨਿਮਰਤਾ ਪ੍ਰਸਾਦ, ਉਸ ਕਲਾਸ ਨੂੰ ਸਾਹਿਤ ਪੜ੍ਹਾਉਂਦਾ ਸੀ, ਜਿਨ੍ਹਾਂ ਦੇ ਸਿਲੇਬਸ ਵਿੱਚ ਲੱਗੀ ‘ਚੋਣਵੀਆਂ ਰਚਨਾਵਾਂ’ ਵਾਲ਼ੀ ਕਿਤਾਬ ਅਜੇ ਛਪ ਕੇ ਨਹੀਂ ਆਈ ਸੀ ਤੇ ਯੂਨੀਵਰਸਿਟੀ ਕੋਲ਼ ਕਾਗ਼ਜ਼ ਦੀ ਕਮੀ ਹੋਣ ਕਾਰਨ ਛੇਤੀ ਕਿਤੇ ਛਪ ਕੇ ਆਉਣ ਦੀ ਆਸ ਵੀ ਨਹੀਂ ਸੀ। ਸ਼੍ਰੀ ਨਿਮਰਤਾ ਪ੍ਰਸਾਦ ਜੀ ਨੇ ਹਿੰਮਤ ਦਿਖਾਈ। ਯੂਨੀਵਰਸਿਟੀ ਵਿਦਵਾਨ ਸੰਪਾਦਕਾਂ ਤੱਕ ਪਹੁੰਚ ਕੀਤੀ ਤੇ ਪਤਾ ਕਰ ਲਿਆ ਕਿ ਉਸ ਸਿਲੇਬਸੀ ਕਿਤਾਬ ਦਾ ਮਜ਼ਮੂਨ ਕੀ ਹੈ, ਅਣਛਪੀ ਕਿਤਾਬ ਵਿੱਚ ਕਿਹੜੀਆਂ–ਕਿਹੜੀਆਂ ਰਚਨਾਵਾਂ ਸ਼ਾਮਿਲ ਹਨ।
ਇਸ ਉਪਰੰਤ ਸ਼੍ਰੀ ਨਿਮਰਤਾ ਪ੍ਰਸਾਦ ਨੇ ਆਪਣੀ ਸਾਹਿਤ ਦੀ ਕਲਾਸ ਦੇ ਵਿਦਿਆਰਥੀਆਂ ਨੂੰ ਅਪਡੇਟ ਕਰਨ ਹਿੱਤ ਉਹ ਰਚਨਾਵਾਂ ਨੂੰ, ਜਿਹੜੀਆਂ ਅਣਛਪੀ ਕਿਤਾਬ ਵਿੱਚ ਛਪਣ ਤੋਂ ਬਾਅਦ ਸ਼ਾਮਿਲ ਹੋਣਗੀਆਂ, ਮੇਨ ਸੌਰਸ (ਭਾਵ ਲੇਖਕਾਂ ਦੀਆਂ ਉਹ ਕਿਤਾਬਾਂ, ਜਿਨ੍ਹਾਂ ਵਿੱਚੋਂ ਚੋਣਵੇਂ ਰੂਪ ਵਿੱਚ ਰਚਨਾਵਾਂ ਚੁੱਕ ਕੇ, ਸਿਲੇਬਸੀ ਕਿਤਾਬ ਵਿੱਚ ਸ਼ਾਮਿਲ ਕੀਤੀਆਂ ਜਾਣੀਆਂ ਸਨ।) ਤੋਂ ਫ਼ੋਟੋਕਾਪੀ ਕਰਵਾ ਕੇ, ਵਿਦਿਆਰਥੀਆਂ ਵਿੱਚ ਵੰਡਣ ਦਾ ਅਹਿਦ ਕਰ ਲਿਆ ਤੇ ਉਸੇ ਦਿਨ ਬਹੁਤ ਭੱਜ–ਨੱਠ, ਮਿਹਨਤ ਕਰ ਕੇ, ਕਿਤਾਬਾਂ ਭਾਲ਼–ਭਾਲ਼ ਕੇ ਉਨ੍ਹਾਂ ਵਿੱਚੋਂ ਰਚਨਾਵਾਂ ਫ਼ੋਟੋਕਾਪੀ ਕਰਵਾ ਕੇ ਵਿਦਿਆਰਥੀਆਂ ਨੂੰ ਵੰਡ ਕੇ ਸੁਖ ਦਾ ਸਾਹ ਲਿਆ। ਨਾਲ਼ ਹੀ ਆਪਣੇ ਆਪ ਉੱਤੇ ਗਰਵ ਵੀ ਮਹਿਸੂਸ ਕੀਤਾ ਕਿ ‘ਮੈਂ ਆਪਣੇ ਵਿਦਿਆਰਥੀਆਂ ਲਈ ਕਿੰਨਾ ਸਹਾਈ ਹੁੰਦਾ ਹਾਂ।’
ਪ੍ਰੋ. ਨਿਮਰਤਾ ਪ੍ਰਸਾਦ ਦੀਆਂ ਵੰਡੀਆਂ ਫ਼ੋਟੋਕਾਪੀਆਂ ਨਾਲ਼ ਅਗਲੇ ਦਿਨ ਕਾਲਜ ਵਿੱਚ ਭੂਚਾਲ਼ ਆ ਗਿਆ। ਕਿਸੇ ਇੱਕ ਲੇਖਕ ਦੀ ਰਚਨਾ ਵਿੱਚ ਕੁਝ ਇਤਰਾਜ਼ਯੋਗ ਸ਼ਬਦ ਸਨ, ਜਿਨ੍ਹਾਂ ਨੂੰ ਸੱਭਿਅਕ ਸਮਾਜ ਵਿੱਚ ਅਸ਼ਲੀਲ ਮੰਨਿਆ ਜਾਂਦਾ ਹੈ। ਉਹ ਅਸ਼ਲੀਲ ਸ਼ਬਦ ‘ਜਣਨਅੰਗਾਂ’ ਨਾਲ਼ ਜੁੜੇ ਹੋਏ ਸਨ। ਹਾਲਾਂਕਿ ਸਾਰਾ ਸਮਾਜ ਹੀ ਜਣਨਅੰਗਧਾਰੀ ਹੈ ਪਰ ਕੋਈ ਵੀ ਇਨ੍ਹਾਂ ਜਣਨਅੰਗਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਭਾਵੇਂ ਕਿ ਸਾਰਾ ਪਿੱਤਰੀਸੱਤਾ ਵਾਲ਼ਾ ਸਮਾਜ ਗਾਲ਼ਾਂ ਕੱਢਦਿਆਂ, ਔਰਤ ਦੇ ਜਣਨਅੰਗ ਨੂੰ ਹੀ ਸ਼ਬਦਾਂ ਦੇ ਰੂਪ ਵਿੱਚ ਵਰਤਦਾ ਹੈ ਪਰ ਸੱਭਿਅਕ ਸਮਾਜ ਇਹ ਬਰਦਾਸ਼ਤ ਨਹੀਂ ਕਰਦਾ ਸਕਦਾ ਕਿ ਕੋਈ ਲੇਖਕ ਇਨ੍ਹਾਂ ਜਣਨਅੰਗਾਂ ਦੇ ਨਾਮ (ਭਾਵੇਂ ਗਾਲ਼ ਰੂਪ ਵਿੱਚ ਹੀ ਹੋਣ) ਆਪਣੀ ਰਚਨਾ ਵਿੱਚ ਸ਼ਾਮਿਲ ਕਰੇ !
ਉਹ ਅਸ਼ਲੀਲ ਕਹੀ ਜਾਣ ਵਾਲ਼ੀ ਰਚਨਾ ਵਿੱਚ ਜਣਨਅੰਗਾਂ ਦਾ ਜ਼ਿਕਰ ਪ੍ਰਤੀਕ ਜਾਂ ਚਿੰਨ੍ਹ ਰੂਪ ਵਿੱਚ ਸੀ, ਅਭਿਧਾਮਈ ਨਹੀਂ ਸੀ ਪਰ ਫੇਰ ਵੀ ਕਾਲਜੀ ਸਿਲੇਬਸ ਵਿੱਚ ਲੱਗੀ ਕਿਤਾਬ ਦੀ ਰਚਨਾ ਵਿੱਚ ਇਨ੍ਹਾਂ ਜਣਨਅੰਗਾਂ ਦੀ ਸ਼ਮੂਲੀਅਤ ਦੇ ਵਿਰੋਧ ਵਜੋਂ ਕਾਲਜ ਵਿੱਚ ਵਿਰੋਧ ਦਾ ਜ਼ਲਜ਼ਲਾ ਆ ਗਿਆ ਸੀ। ਇਸ ਜ਼ਲਜ਼ਲੇ ਦੀ ਕਰੋਪੀ ਦਾ ਸ਼ਿਕਾਰ ਹੋਇਆ ਪ੍ਰੋ. ਨਿਮਰਤਾ ਪ੍ਰਸਾਦ ਕਿਉਂਕਿ ਉਸ ਨੇ ਹੀ ਮਾਧਿਅਮ ਵਜੋਂ ਇਹ ਅਸ਼ਲੀਲ ਸਾਹਿਤ ਵਿਦਿਆਰਥੀਆਂ ਵਿੱਚ ਪਰੋਸਿਆ ਸੀ।
ਇੱਕ ਧਾਰਮਿਕ ਆਗੂ ਦੀ ਕੁੜੀ ਨੇ ਪ੍ਰੋ. ਨਿਮਰਤਾ ਪ੍ਰਸਾਦ ਵੱਲੋਂ ਫ਼ੋਟੋਸਟੇਟ ਕਰਵਾ ਕੇ ਦਿੱਤੇ, ਜਣਨਅੰਗਾਂ ਦਾ ਜ਼ਿਕਰ ਕਰਨ ਵਾਲ਼ੀ ਉਸ ਰਚਨਾ ਵਾਲ਼ੇ ਕਾਗ਼ਜ਼, ਪਿਓ ਮੂਹਰੇ ਜਾ ਧਰੇ। ਧਾਰਮਿਕ ਆਗੂ ਕਹਾਉਂਦੇ ਪਿਓ ਨੇ ਪੈਂਦੀ ਸੱਟੇ ਪ੍ਰੋ. ਨਿਮਰਤਾ ਪ੍ਰਸਾਦ ਨੂੰ ‘ਬਦਚਲਨ, ਚਰਿੱਤਰਹੀਣ, ਕਾਮੀ, ਲੁੱਚਾ’ ਆਦਿ ਅੰਲਕਾਰਾਂ ਨਾਲ਼ ਨਵਾਜ ਦਿੱਤਾ, ਜਿਸ ਨੇ ਉਸ ਦੀ ਧੀ ਨੂੰ ਅਜਿਹੀ ਰਚਨਾ ਪੜ੍ਹਨ ਲਈ ਦਿੱਤੀ ਜਿਸ ਵਿੱਚ ਜਣਨਅੰਗਾਂ ਦਾ ਜ਼ਿਕਰ ਸੀ। ਉਹ ਧਾਰਮਿਕ ਆਗੂ ਆਪਣੀ ਕੁੜੀ ਨੂੰ ਸ਼ਰੀਫ਼ ਸਮਝਦਾ ਸੀ ਅਤੇ ਵਿਆਹ ਤੋਂ ਪਹਿਲਾਂ ਤੱਕ ਸ਼ਰੀਫ਼ ਹੀ ਬਣਾਈ ਰੱਖਣਾ ਚਾਹੁੰਦਾ ਸੀ; ਇਸ ਲਈ ਉਸ ਨੇ ਪ੍ਰੋ. ਨਿਮਰਤਾ ਪ੍ਰਸਾਦ ਦੀ ਇਸ ‘ਬਦਚਲਣੀ ਅਤੇ ਚਰਿਤ੍ਰਕ ਨਿਘਾਰ’ ਦਾ ਜ਼ਿਕਰ ਹੋਰ ਧਾਰਮਿਕ ਆਗੂਆਂ ਕੋਲ਼ ਕੀਤਾ, ਜਿਨ੍ਹਾਂ ਦੇ ਬੱਚੇ ਵੀ ਉਸ ਧਾਰਮਿਕ ਆਗੂ ਦੀ ਕੁੜੀ ਦੇ ਸਹਿਪਾਠੀ ਸਨ।
ਸੋ ਅਗਲੇ ਦਿਨ ‘ਲਾਲਾ–ਲਾਲਾ ਹੋਗੀ ਖਾੜਾ ਗਿਆ ਹੱਲ ਸੀ’। ਸਾਰੇ ਧਾਰਮਿਕ ਨੇਤਾ ਹੱਥਾਂ ਵਿੱਚ ਉਹ ਅਸ਼ਲੀਲ ਰਚਨਾ ਦੀਆਂ ਫ਼ੋਟੋਕਾਪੀਆਂ ਲੈ ਕੇ (ਜਿਹੜੀਆਂ ਕਿ ਘੱਟ ਹੋਣ ਦੀ ਸੂਰਤ ਵਿੱਚ ਉਨ੍ਹਾਂ ਆਪ 500 ਕਾਪੀ ਹੋਰ ਫ਼ੋਟੋਸਟੇਟ ਕਰਵਾਈ ਸੀ।) ਕਾਲਜ ਦੇ ਪ੍ਰਿੰਸੀਪਲ ਦੇ ਆਫ਼ਿਸ ਦੇ ਬਾਹਰ ਧਰਨਾ ਲਾ ਕੇ ਬਹਿ ਗਏ ਅਤੇ ‘ਨਿਮਰਤਾ ਪ੍ਰਸਾਦ ਮੁਰਦਾਬਾਦ, ਨਿਮਰਤਾ ਪ੍ਰਸਾਦ ਨੂੰ ਨੌਕਰੀਓਂ ਕੱਢੋ’ ਦੇ ਨਾਹਰਿਆਂ ਨਾਲ਼ ਕਾਲਜ ਗੁੰਜਾ ਦਿੱਤਾ।
ਪ੍ਰਿੰਸੀਪਲ ਸਾਹਬ ਨੇ ਸਾਰੇ ਧਾਰਮਿਕ ਆਗੂਆਂ ਨੂੰ ‘ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ’ ਦਾ ਭਰੋਸਾ ਦੇ ਕੇ ਘਰੋ–ਘਰੀਂ ਤੋਰ ਦਿੱਤਾ ਅਤੇ ਪ੍ਰੋ. ਨਿਮਰਤਾ ਪ੍ਰਸਾਦ ਨੂੰ ਕਲਾਸ/ਕਾਲਜ ਵਿੱਚ ਅਸ਼ਲੀਲ ਲਿਟਰੇਚਰ ਵੰਡਣ ਦੇ ਦੋਸ਼ ਤਹਿ ਸਸਪੈਂਡ ਕਰ ਕੇ, ‘ਕਾਰਨ ਦੱਸੋ ਨੋਟਿਸ’ ਲਿਖ ਦਿੱਤਾ।
ਛਿਣਾਂ ਵਿੱਚ ਹੀ ਕਾਬਿਲ–ਏ–ਤਾਰੀਫ਼ ਪ੍ਰੋਫ਼ੈਸਰ ‘ਬਦਚਲਨ’ ਦੀ ਤਖ਼ਤੀ ਗਲ਼ ਪੁਆ ਕੇ ਪ੍ਰਿੰਸੀਪਲ ਦੇ ਆਫ਼ਿਸ ਵਿੱਚੋਂ ਬਾਹਰ ਆ ਗਿਆ। ਉਹ ਗੁੱਸੇ ਦਾ ਭਰਿਆ–ਪੀਤਾ, ਇਸ ਸਾਰੇ ਘਟਨਾਕ੍ਰਮ ਦੇ ਅਸਲ ਦੋਸ਼ੀ ਨੂੰ ਤਲਾਸ਼ ਰਿਹਾ ਸੀ ਪਰ ਦੋਸ਼ੀ ਉਸ ਦੀ ਪਕੜ ਵਿੱਚ ਨਹੀਂ ਸੀ ਆ ਰਿਹਾ। ਅਸਲ ਵਿੱਚ ਉਹਨੇ ਉਹ ਰਚਨਾ ਪਹਿਲੋਂ ਆਪ ਪੜ੍ਹੀ ਨਹੀਂ ਸੀ ਜਿਹੜੀ ਕਿ ਉਹਨੇ ਤੁਰਤ ਫੋਟੋਕਾਪੀ ਕਰ ਕੇ, ਰਿਉੜੀਆਂ ਵਾਂਗ ਕਲਾਸ ਵਿੱਚ ਵਰਤਾ ਦਿੱਤੀ ਸੀ। ਦੋਸ਼ੀ ਦੀ ਭਾਲ਼ ਹਿੱਤ ਉਸ ਨੇ ਉਹ ‘ਅਸ਼ਲੀਲ’ ਗਰਦਾਨੀ ਗਈ ਰਚਨਾ ਪੜ੍ਹਨ ਦੀ ਠਾਣੀ।
ਫ਼ੋਟੋਕਾਪੀਆਂ ਦੀਆਂ ਸਾਰੀਆਂ ਰਿਉੜੀਆਂ ਤਾਂ ਵਰਤਾਈਆਂ ਜਾ ਚੁੱਕੀਆਂ ਸਨ, ਉਹਨੇ ਆਪਣੇ ਵਾਸਤੇ ਇੱਕ ਵੀ ਰਿਉੜੀ ਬਚਾ ਕੇ ਨਹੀਂ ਸੀ ਰੱਖੀ। ਉਸ ਨੇ ਸੋਚਿਆ ਕਿ ‘ਲਾਇਬਰੇਰੀ ਵਿੱਚ ਜਾ ਕੇ ਉਸ ਕਿਤਾਬ ਦੀ ਤਲਾਸ਼ ਕੀਤੀ ਜਾਵੇ, ਜਿਸ ਵਿੱਚੋਂ ਰਿਉੜੀਆਂ ਦੀ ਫ਼ੋਟੋਕਾਪੀ ਕਰਵਾਈ ਸੀ।’ ਲਾਇਬ੍ਰੇਰੀਅਨ ਨੇ ਦੱਸਿਆ ਕਿ “ਉਸ ਕਿਤਾਬ ਦੀਆਂ 10 ਕਾਪੀਆਂ ਲਾਇਬਰੇਰੀ ਵਿੱਚ ਮੌਜੂਦ ਸਨ ਪਰ ਤੁਹਾਡੇ ਅਸ਼ਲੀਲਤਾ ਫ਼ੈਲਾਉਣ ਤੋਂ ਬਾਅਦ ਅੱਜ ਹੀ ਕਈ ਜਣੇ 10 ਦੀਆਂ 10 ਦਸ ਕਾਪੀਆਂ ਇਸ਼ੂ ਕਰਵਾ ਕੇ ਲੈ ਗਏ। ਇੱਕ ਕਾਪੀ ਪ੍ਰਿੰਸੀਪਲ ਸਾਹਬ ਨੇ ਵੀ ਇਸ਼ੂ ਕਰਵਾਈ ਹੈ।”
ਜਦੋਂ ਲਾਇਬ੍ਰੇਰੀ ਵਿੱਚੋਂ ਕਿਤਾਬ ਨਾ ਥਿਆਹੀ ਤਾਂ ਪ੍ਰੋ. ਨਿਮਰਤਾ ਪ੍ਰਸ਼ਾਦ ਨੇ ਦੇਖਿਆ ਕਿ ਕਾਲਜ ਦੇ ਅਹਾਤੇ ਵਿੱਚ ਉਸ ਰਚਨਾ ਦੀਆਂ ਫ਼ੋਟੋਕਾਪੀਆਂ, ਪੈਫ਼ਲੈਂਟਾਂ ਵਾਂਗ ਇੰਝ ਖਿੱਲ੍ਹਰੀਆਂ ਪਈਆਂ ਸਨ ਜਿਵੇਂ ਕਿਸੇ ਨੇ ਜੰਗ–ਏ–ਆਜ਼ਾਦੀ ਬਾਰੇ ਲੋਕਾਂ ਨੂੰ ਲਾਮਬੰਦ ਕਰਨ ਹਿੱਤ, ਪਰਚੇ ਸੁਟਵਾਏ ਹੋਣ। ਉਸ ਨੇ ਉਨ੍ਹਾਂ ਖਿੱਲ੍ਹਰੇ ਪੈਫ਼ਲੈਂਟਾਂ ਵਿੱਚੋਂ ਇੱਕ ਪਰਚਾ ਚੁੱਕਿਆ। ਫੇਰ ਸਾਰੀ ਰਚਨਾ ਪੜ੍ਹੀ ਪਰ ਉਸਨੂੰ ਉਸ ਵਿੱਚੋਂ ਕੋਈ ਵੀ ਅਸ਼ਲੀਲਤਾ ਨਜ਼ਰ ਨਾ ਆਈ।
ਉਸ ਨੇ ਫੇਰ ਬਹੁਤ ਧਿਆਨ ਨਾਲ਼ ਰਚਨਾ ਪੜ੍ਹੀ, ਫੇਰ ਤੇ ਫੇਰ… ਪਰ ਕੁਝ ਵੀ ਇਤਰਾਜ਼ਯੋਗ ਨਹੀਂ ਜਾਪਿਆ। ਇੱਕ ਵਾਰ ਤਾਂ ਉਸ ਨੂੰ ਜਾਪਿਆ ਕਿ ਉਹ ਖਿੱਲ੍ਹਰੇ ਕਬਾੜ ਵਿੱਚੋਂ ਸ਼ਾਇਦ ਗ਼ਲਤ ਫ਼ੋਟੋਕਾਪੀ ਚੁੱਕ ਲਿਆਇਆ ਹੈ ਪਰ ਜਦ ਉਹ ਮੁੜ ਖਿੱਲ੍ਹਰੇ ਕਬਾੜ ਕੋਲ਼ ਪਹੁੰਚਿਆ ਤਾਂ ਓਥੇ ਵੀ ਉਹੀ ਰਚਨਾਵਾਂ ਦੀਆਂ ਕਾਪੀਆਂ ਖਿੱਲ੍ਹਰੀਆਂ ਪਈਆਂ ਸਨ, ਜਿਹੜੀ ਉਹ ਅਸ਼ਲੀਲਤਾ ਭਾਲਣ ਹਿੱਤ ਬਹੁਤ ਧਿਆਨ ਨਾਲ਼ ਕਈ ਵਾਰ ਪੜ੍ਹ ਚੁੱਕਾ ਸੀ। ਉਹ ਹੈਰਾਨ–ਪਰੇਸ਼ਾਨ ਪ੍ਰਿੰਸੀਪਲ ਆਫ਼ਿਸ ਪਹੁੰਚਾ, ਇਹ ਦੱਸਣ ਲਈ ਕਿ ‘ਇਸ ਰਚਨਾ ਵਿੱਚ ਤਾਂ ਕੁਝ ਵੀ ਅਸ਼ਲੀਲ ਨਹੀਂ…!!’
ਜਦ ਪ੍ਰੋ. ਨਿਮਰਤਾ ਪ੍ਰਸ਼ਾਦ ਪ੍ਰਿੰਸੀਪਲ ਦੇ ਆਫ਼ਿਸ ਪੁੱਜਾ ਤਾਂ ਪ੍ਰਿੰਸੀਪਲ ਉਹੀ ਕਿਤਾਬ ਦੀ, ਉਹੀ ਰਚਨਾ ਪੜ੍ਹਨ ਵਿੱਚ ਮਸ਼ਰੂਫ਼ ਸੀ। ਨਿਮਰਤਾ ਪ੍ਰਸ਼ਾਦ ਨੇ ਬਹੁਤ ਦਾਅਵੇ ਨਾਲ਼ ਕਿਹਾ, “ਸਰ ਲੋਕਾਂ ਨੂੰ ਕੋਈ ਗ਼ਲਤਫ਼ਹਿਮੀ ਹੋਈ ਹੈ, ਇਸ ਰਚਨਾ ਵਿੱਚ ਤਾਂ ਕੁਝ ਵੀ ਅਸ਼ਲੀਲ…।” ਅਜੇ ਵਾਕ ਪੂਰਾ ਵੀ ਨਹੀਂ ਸੀ ਹੋਇਆ ਕਿ ਪ੍ਰਿੰਸੀਪਲ ਨੇ, ਉਸ ਰਚਨਾ ਦੇ ਉਨ੍ਹਾਂ ਅਸ਼ਲੀਲ ਸ਼ਬਦਾਂ ਨੂੰ ਪ੍ਰੋ. ਨਿਮਰਤਾ ਪ੍ਰਸ਼ਾਦ ਦੇ ਮੂੰਹ ‘ਤੇ ਕਰ ਦਿੱਤਾ, ਜਿਸ ਨੂੰ ਉਸ ਨੇ ਬਕਾਇਦਾ ਹਾਈਲਾਈਟਰ ਨਾਲ਼ ਹਾਈਲਾਈਟ ਕੀਤਾ ਹੋਇਆ ਸੀ।
“ਸਰ ਇਹ ਤਾਂ ‘ਕੇਵਲ’ ਜਨਨ–ਅੰਗਾਂ ਦੇ ਨਾਮ ਹਨ। ਇਸ ਰਚਨਾ ਵਿੱਚ ਤਾਂ ਇਨ੍ਹਾਂ ਦਾ ਸਿਰਫ਼ ਨਾਮ ਲਿਖਿਆ ਹੋਇਆ ਹੈ ਪਰ ਦਸਵੀਂ ‘ਚ ਸਾਇੰਸ ਵਾਲ਼ੀ ਪੁਸਤਕ ਵਿੱਚ, ਬਾਇਲੌਜੀ ਵਾਲ਼ੇ ਚੈਪਟਰ ਵਿੱਚ, ਇਨ੍ਹਾਂ ਜਣਨ–ਅੰਗਾਂ ਦੀਆਂ ਬਕਾਇਦਾ ਤਸਵੀਰਾਂ ਵੀ ਛਪੀਆਂ ਹੁੰਦੀਆਂ ਹਨ। ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ। ਹੋਰ ਸੁਣੋ, ਸਾਰੇ ਲੋਕ ਤਾਂ ਨਿੱਤ ਦਿਨ ਗਾਲ਼ਾਂ ਵਿੱਚ ਲੋਕਾਂ ਦੀਆਂ ਮਾਵਾਂ–ਧੀਆਂ–ਭੈਣਾਂ ਦੇ ਜਨਨ–ਅੰਗਾਂ ਨੂੰ ਆਧਾਰ ਬਣਾ ਕੇ ਗਾਲ਼ਾਂ ਕੱਢਦੇ ਹਨ। ਫੇਰ ਭਲਾਂ ਇਹਦੇ ਵਿੱਚ ਕੀ ਅਸ਼ਲੀਲ ਹੋਇਆ ?” ਪ੍ਰੋ. ਨਿਮਰਤਾ ਪ੍ਰਸਾਦ ਨੇ ਪ੍ਰਿੰਸੀਪਲ ਵੱਲ੍ਹੋਂ ਹਾਈਲਾਈਟ ਕੀਤੇ ਸ਼ਬਦਾਂ ਨੂੰ ਬਹੁਤ ਲਾਈਟ ਲੈਂਦਿਆਂ ਕਿਹਾ।
ਪ੍ਰਿੰਸੀਪਲ ਦੀ ਤਿਊੜੀ ਚੜ੍ਹ ਗਈ, “ਪ੍ਰੋ. ਸਾਹਬ, ਲੋਕ ਭਾਵੇਂ ਇੱਕ ਦੂਜੇ ਦੀ ਮਾਂ–ਭੈਣ ਇੱਕ ਕਰਨ ਪਰ ਅਸੀਂ ਪੜ੍ਹਾਉਣ ਵਾਲ਼ੇ ਲੋਕ ਹਾਂ, ਅਸੀਂ ਬੱਚਿਆਂ ਨੂੰ ਇਹ ਸੰਸਕਾਰ ਨਹੀਂ ਦੇਣੇ। ਚੰਗੇ ਸੰਸਕਾਰ ਦੇਣੇ ਨੇ, ਉੱਚੀਆਂ ਕਦਰਾਂ–ਕੀਮਤਾਂ ਦੇਣੀਆਂ, ਚੰਗੀਆਂ ਸਿੱਖਿਆਵਾਂ ਦੇਣੀਆਂ ਨੇ, ਪੜ੍ਹਨ ਲਈ ਚੰਗੀਆਂ ਰਚਨਾਵਾਂ ਦੇਣੀਆਂ ਨੇ… ਚੰਗੀਆਂ ਰਚਨਾਵਾਂ, ਲੁੱਚੀਆਂ ਰਚਨਾਵਾਂ ਨਹੀਂ… ਇਹ ਦੇਖੋ ਕੀ ਲਿਖਿਐ !!” ਪ੍ਰਿੰਸੀਪਲ ਨੇ ਹਾਈਲਾਈਟ ਕੀਤੇ ਗਏ ਸ਼ਬਦਾਂ ਨੂੰ ਬਹੁਤ ਸ਼ੁੱਧ ਉਚਾਰਨ ਨਾਲ਼ ਪੜ੍ਹ ਕੇ ਸੁਣਾਇਆ।
“ਸਰ ਅਸ਼ਲੀਲਤਾ ਸ਼ਬਦਾਂ ਵਿੱਚ ਨਹੀਂ, ਪੜ੍ਹਨ ਵਾਲ਼ੇ ਦੇ ਦਿਮਾਗ਼ ਵਿੱਚ ਹੁੰਦੀ ਹੈ।” ਪ੍ਰੋ. ਨਿਮਰਤਾ ਪ੍ਰਸਾਦ ਨੇ ਇਹ ਸਾਹਿਤਕ, ਵਿਦਵਾਨੀ ਭਰਿਆ, ਫ਼ਿਲਾਸਫ਼ੀਕਲ ਫ਼ਿਕਰਾ ਆਖ ਕੇ ਪ੍ਰਿੰਸੀਪਲ ਸਾਹਬ ਨੂੰ ਅਤੇ ਆਪਣੇ ਵਿਰੋਧੀਆਂ ਨੂੰ ਢਾਹਣ ਦੀ ਕੋਸ਼ਿਸ਼ ਕੀਤੀ।
“ਮਤਲਬ ਮੇਰਾ ਦਿਮਾਗ ਗੰਦਾ ਏ ? ਕਲਾਸ ਦੇ ਸਾਰੇ ਬੱਚਿਆਂ ਦੇ, ਉਨ੍ਹਾਂ ਦੇ ਸਾਰੇ ਮਾਪਿਆਂ ਦਾ ਦਿਮਾਗ ਗੰਦਾ ਏ, ਜਿਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਵਿੱਚ, ਫਿਕਰਿਆਂ ਵਿੱਚ ਅਸ਼ਲੀਲਤਾ ਨਜ਼ਰ ਆਈ…. ਮਤਲਬ ਅਸੀਂ ਹੀ ਸਾਰੇ ਲੁੱਚੇ ਆਂ…. ਜਿਹੜੇ ਲੁੱਚੇ–ਲੁੱਚੇ ਅਰਥ ਕੱਢ ਕੇ ਸਵਾਦ ਲੈਣਾ ਚਾਹੁੰਦੇ ਹਾਂ ??” ਪ੍ਰਿੰਸੀਪਲ ਦਾ ਪਾਰਾ ਚੜ੍ਹ ਗਿਆ ਸੀ। ਉਹਨੇ ਠਾਹ ਕਰਦੀ ਫੁੱਟਬਾਲ ਪ੍ਰੋਫ਼ੈਸਰ ਦੇ ਪਾਲ਼ੇ ਵੱਲ ਦਾਗ ਦਿੱਤੀ ਅਤੇ ਇੰਨੇ ਪਾਲ਼ੇ ਵਿੱਚ ਵੀ ਪ੍ਰੋ. ਨਿਮਰਤਾ ਪ੍ਰਸਾਦ ਨੂੰ ਤਰੇਲ਼ੀ ਆ ਗਈ।
“ਨਹੀਂ–ਨਹੀਂ ਸਰ ਮੇਰਾ ਇਹ ਮਤਲਬ ਨਹੀਂ ਸੀ…. ਮੇਰਾ ਮਤਲਬ ਤਾਂ ਇਹ ਹੈ ਕਿ ਸਾਰਾ ਕਸੂਰ ਲੇਖਕ ਦਾ ਹੈ ਜਿਸ ਨੇ ਇਹ ਰਚਨਾ ਲਿਖੀ, ਜਿਸ ਵਿੱਚ ਜਣਨ–ਅੰਗਾਂ ਨੂੰ ਘਸੋੜਿਆ ਹੈ। ਲੋਕਾਂ ਨੂੰ ਲੇਖਕ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਮੈਨੂੰ ਬਲੀ ਦਾ ਬੱਕਰਾ ਨਹੀਂ ਬਣਾਉਣਾ ਚਾਹੀਦਾ…।”
“ਲੇਖਕ ਦੀ ਮਰਜ਼ੀ ਐ, ਲੇਖਕ ਦੀ ਕਿਤਾਬ ਏ, ਜਿਹੜੀ ਉਹਨੇ ਪੱਲਿਓਂ ਪੈਸੇ ਦੇ ਕੇ ਛਪਵਾਈ ਏ, ਉਹਦੇ ਵਿੱਚ ਉਹ ਜੋ ਮਰਜ਼ੀ ਲਿਖੇ, ਛਾਪੇ…. ਕਹਿੰਦੇ ਇੱਕ ਵਾਰੀ ਇੱਕ ਬੰਦਾ ਬੱਸ ਵਿੱਚ ਦੂਜੀ ਸਵਾਰੀ ਨੂੰ ਕਹਿੰਦਾ – ਭਾਈ ਸਾਹਬ ਜੇ ਬੁਰਾ ਨਾ ਮਨਾਓ ਤਾਂ ਮੈਂ ਬੀੜੀ ਪੀ ਲਵਾਂ !! ਤਾਂ ਦੂਜਾ ਬੰਦਾ ਕਹਿੰਦਾ – ਭਾਈ ਤੇਰਾ ਮੂੰਹ ਐ, ਤੂੰ ਭਾਵੇਂ ਇਹਦੇ ਨਾਲ਼ ਮੂਤ ਪੀਅ… ਮੈਨੂੰ ਕੀ ?”
ਇੰਨਾ ਆਖ ਪ੍ਰਿੰਸੀਪਲ ਸਾਹਬ ਠਹਾਕਾ ਲਗਾ ਕੇ ਹੱਸੇ ਤੇ ਫੇਰ ਕਹਿਣ ਲੱਗੇ, “ਓ ਭਾਈ, ਅਗਲੇ ਦੀ ਕਿਤਾਬ ਐ, ਜੋ ਮਰਜ਼ੀ ਲਿਖੇ… ਗੱਲ ਤਾਂ ਤੁਹਾਡੀ ਐ, ਨਿਮਰਤਾ ਪ੍ਰਸਾਦ ਜੀ, ਜਿਹਨੇ ਉਹਦੀ ਕਿਤਾਬ ਵਿੱਚੋਂ ਫ਼ੋਟੋਕਾਪੀ ਕਰ ਕੇ ਇਹ ਮੂਤ, ਓ ਸੌਰੀ, ਇਹ ਗੰਦ ਕਾਲਜ ਵਿੱਚ ਖਿਲਾਰਿਆ ਹੈ।”
“ਸਰ ਜੇ ਕਸੂਰ ਲੇਖਕ ਦਾ ਨਹੀਂ ਤਾਂ ਫੇਰ ਵੀ ਮੇਰਾ ਨਹੀਂ, ਬਲਕਿ ਉਨ੍ਹਾਂ ਵਿਦਵਾਨ ਕਹਾਉਂਦੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਦਾ ਹੈ, ਜਿਨ੍ਹਾਂ ਨੇ ਅਜਿਹੀ ਰਚਨਾ ਨੂੰ ਸਿਲੇਬਸ ਵਿੱਚ ਸ਼ਾਮਿਲ ਕੀਤਾ !!” ਪ੍ਰੋਫ਼ੈਸਰ ਨਿਮਰਤਾ ਪ੍ਰਸਾਦ ਕਿਸੇ ਵੀ ਹੀਲੇ ਆਪਣੇ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦੇਣਾ ਚਾਹੁੰਦਾ, ਇਸ ਲਈ ਬਾਛੜਾਂ ਹੋਰਾਂ ਵੱਲ੍ਹ ਸੁੱਟੀ ਜਾ ਰਿਹਾ ਸੀ।
“ਉਹ ਸੰਪਾਦਕ ਸਿਆਣੇ ਨੇ ਅਤੇ ਤੂੰ ਘੁੱਗੂ ਨਾਥ ਏਂ, ਪੁੱਛ ਕਿਵੇਂ ?”
“ਕਿਵੇਂ ਸਰ ?”
“ਸੰਪਾਦਕਾਂ ਨੂੰ ਸੌ–ਸੌ ਲਿਹਾਜਾ ਪੂਰਨੀਆਂ ਪੈਂਦੀਆਂ ਹਨ। ਸਾਰੇ ਹੀ ਇੱਕ–ਦੂਜੇ ਦਾ ਪਿਛਵਾੜਾ ਧੋਂਦੇ ਹਨ। ਜਿਹੜੇ ਲੇਖਕ ਦੀ ਅਸ਼ਲੀਲ ਰਚਨਾ ਉਨ੍ਹਾਂ ਨੇ ਸਿਲੇਬਸ ਵਾਲ਼ੀ ਕਿਤਾਬ ਵਿੱਚ ਸ਼ਾਮਿਲ ਕੀਤੀ ਹੈ, ਕੱਲ੍ਹ ਨੂੰ ਉਹਨੂੰ ਵੀ ਕਿਸੇ ਬਹਾਨੇ ਚੋਣਗੇ ਈ !! ਸੰਪਾਦਕ ਸਿਆਣੇ ਨੇ, ਉਨ੍ਹਾਂ ਨੇ ਆਹ ਅਸ਼ਲੀਲ ਰਚਨਾ ਸਿਲੇਬਸੀ ਕਿਤਾਬ ਵਿੱਚ ਸ਼ਾਮਿਲ ਤਾਂ ਕਰ ਲਈ ਪਰ ਦੇਖੋ ਅਜੇ ਤੱਕ ਕਿਤਾਬ ਨਹੀਂ ਛਪਣ ਦਿੱਤੀ। ਇੰਝ ਹੀ ਸਾਰਾ ਡੰਗ ਟੱਪ ਜਾਵੇਗਾ, ਬੱਚਿਆਂ ਦੇ ਪੇਪਰ ਹੋ ਜਾਣਗੇ ਅਤੇ ਅਗਲੀ ਜਮਾਤ ਦੇ ਆਉਂਦਿਆਂ ਹੀ ਉਹ ਸਿਲੇਬਸ ਬਦਲ ਦੇਣਗੇ।
ਭਾਵ ਵਿਦਿਆਰਥੀ ਉਹ ਅਸ਼ਲੀਲ ਰਚਨਾ ਵਾਲ਼ੀ ਕਿਤਾਬ ਕਦੇ ਵੀ ਨਹੀਂ ਪੜ੍ਹਨਗੇ, ਜਿਹੜੀ ਉਨ੍ਹਾਂ ਸੰਪਾਦਿਤ ਕੀਤੀ ਸੀ। ਸੰਪਾਦਕਾਂ ਨੇ ਲਿਹਾਜ ਵੀ ਪੂਰ ਲਈ ਤੇ ਸੋਟੀ ਵੀ ਨਾ ਟੁੱਟੀ। ਇਹ ਕਿਤਾਬ ਕੇਵਲ ਉਨ੍ਹਾਂ ਸੰਪਾਦਕ ਪ੍ਰੋਫ਼ੈਸਰਾਂ ਦਾ ਏ.ਪੀ.ਆਈ. ਸਕੋਰ ਹੀ ਵਧਾਏਗੀ, ਅਸ਼ਲੀਲਤਾ ਨਹੀਂ ਫ਼ੈਲਾਏਗੀ…. ਇਹ ਅਸ਼ਲੀਲਤਾ ਫ਼ੈਲਾਉਣ ਲਈ ਕੇਵਲ ਤੇ ਕੇਵਲ ਤੁਸੀਂ ਹੀ ਜਿੰਮੇਵਾਰ ਹੋ, ਸੋ ਆਪਣੀ ਜਿੰਮੇਵਾਰੀ ਚੁੱਕੋ ਤੇ ਛੁੱਟੀ ਲਓ।” ਪ੍ਰਿੰਸੀਪਲ ਨੇ ਦੋ–ਟੂਕ ਸੁਣਾ ਦਿੱਤੀ।
ਪ੍ਰਿੰਸੀਪਲ ਸਾਹਬ ਕਿਸੇ ਰਿਸ਼ਵਤ ਖਾਣ ਵਾਲ਼ੇ ਜੱਜ ਵਾਂਗ ਸਾਰੇ ਦੋਸ਼ੀਆਂ ਨੂੰ ਬਰੀ ਕਰੀ ਜਾ ਰਹੇ ਸਨ ਤਾਂ ਪ੍ਰੋ. ਨਿਮਰਤਾ ਪ੍ਰਸਾਦ ਨੂੰ ਜਾਪਣ ਲੱਗਾ ਕਿ ਦੋਸ਼ੀਆਂ ਵਾਲ਼ਾ ਫਾਹਾ, ਅਖ਼ੀਰ ਨੂੰ ਉਹਦੇ ਗਲ਼ੇ ਨੂੰ ਹੀ ਫਿੱਟ ਆਉਣਾ ਹੈ। ਪ੍ਰੋ. ਨਿਮਰਤਾ ਪ੍ਰਸਾਦ ਵੀ ਸੌਖਿਆਂ ਗਲ਼ ਵਿੱਚ ਰੱਸਾ ਪਾ ਕੇ ਫ੍ਰੀ ਦਾ ਸ਼ਹੀਦ ਨਹੀਂ ਸਨ ਬਣਨਾ ਚਾਹੁੰਦਾ। ਇਸੇ ਲਈ ਪ੍ਰੋ. ਸਾਹਬ ਨੂੰ ਉਹ ਦੂਸਰਾ ਪ੍ਰੋਫ਼ੈਸਰ ਦੋਸ਼ੀ ਜਾਪਣ ਲੱਗ ਪਿਆ ਜਿਸ ਨੇ ਉਸ ਨੂੰ, ਉਸ ਅਸ਼ਲੀਲ ਰਚਨਾ ਦੀ ਦੱਸ ਪਾਈ ਕਿ ‘ਇਹ ਕਿਹੜੀ ਫਲਾਣੀ ਕਿਤਾਬ ਵਿੱਚ ਹੈ ਤੇ ਉਹ ਫਲਾਣੀ ਕਿਤਾਬ ਲਾਇਬ੍ਰੇਰੀ ਵਿੱਚ ਕਿਹੜੀ ਫਲਾਣੀ ਥਾਂ ਪਈ ਹੈ।’
“ਸਰ ਫੇਰ ਇਸ ਲਈ ਤਾਂ ਮੇਰੇ ਸਹਿਯੋਗੀ ਪ੍ਰੋਫ਼ੈਸਰ ਟਿੱਲੂ ਮੱਲ ਜੀ ਜ਼ੁੰਮੇਵਾਰ ਹਨ, ਜਿਨ੍ਹਾਂ ਮੈਨੂੰ ਦੱਸ ਪਾਈ ਸੀ ਕਿ ਇਹ ਅਸ਼ਲੀਲ ਰਚਨਾ ਫਲਾਣੀ ਕਿਤਾਬ ਵਿੱਚ ਹੈ ਤੇ ਇਹ ਫਲਾਣੀ ਕਿਤਾਬ, ਲਾਇਬ੍ਰੇਰੀ ਵਿੱਚ ਫਲਾਣੀ ਥਾਂ ਪਈ ਹੈ। ਮਤਲਬ ਸਰ ਜੇ ਉਨ੍ਹਾਂ ਨੂੰ ਇਹ ਸਭ ਪਤਾ ਸੀ ਤਾਂ ਮਤਲਬ ਉਹ ਇਹੋ ਜਿਹੀਆਂ ਰਚਨਾਵਾਂ ਪੜ੍ਹਦੇ ਹਨ, ਮਤਲਬ ਕਿ ਉਹ ਵੀ ਬਦਚਲਨ ਹਨ, ਚਰਿੱਤਰਹੀਣ ਹਨ।”
“ਨਿਮਰਤਾ ਪ੍ਰਸਾਦ ਜੀ, ਇੱਕ ਜਮਾਦਾਰ ਨੂੰ ਗਟਰ ਸਾਫ਼ ਕਰਨ ਲਈ ਗੰਦਗੀ ਵਿੱਚ ਉਤਰਨਾ ਹੀ ਪੈਂਦਾ ਹੈ। ਟਿੱਲੂ ਰਾਮ ਜੀ, ਉਹੀ ਜਮਾਦਾਰ ਹਨ ਤੇ ਤੁਸੀਂ ਉਨ੍ਹਾਂ ਉੱਤੇ ਹੀ ਗੰਦਗੀ ਉਛਾਲ਼ ਰਹੇ ਹੋ…. ਵਾਹ ਜੀ ਵਾਹ…” ਇੰਨਾ ਆਖ ਕੇ ਪ੍ਰਿੰਸੀਪਲ ਸਾਹਬ ਨੇ ਤਨਜ਼ੀਆ ਅੰਦਾਜ਼ ਵਿੱਚ ਨਿਮਰਤਾ ਪ੍ਰਸਾਦ ਵੱਲ ਵੇਖਦਿਆਂ ‘ਸਲੋਅ ਕਲੈਪ’ ਕੀਤੀ। ਫੇਰ ਵੀ ਉਨ੍ਹਾਂ ਦਾ ਮਨ ਨਹੀਂ ਭਰਿਆ ਤਾਂ ਸੂਈ ਕੁੱਤੀ ਆਂਗੂੰ ਨਿਮਰਤਾ ਪ੍ਰਸਾਦ ਨੂੰ ਪੈ ਗਏ, “ਚੱਲ ਬਾਕੀ ਗੱਲਾਂ ਛੱਡ, ਜੇ ਕੱਲ੍ਹ ਨੂੰ ਤੈਨੂੰ ਟਿੱਲੂ ਰਾਮ ਜੀ ਕਹਿਣ ਬਈ ਖੂਹ ਵਿੱਚ ਛਾਲ਼ ਮਾਰ, ਤਾਂ ਮਾਰਦੇਂਗਾ ? ਉਹ ਕਹਿਣ ਬਈ ਆਪਣੀ ਘਰਆਲ਼ੀ ਦਾ ਗਲ਼ਾ ਦਬਾ ਦੇ, ਦੱਬਦੇਂਗਾ ?
ਦੱਸ ਦੱਬਦੇਂਗਾ ਆਪਣੀ ਘਰਆਲ਼ੀ ਦਾ ਗਲ਼ਾ ?? ਮਾਰਦੇਂਗਾ ਆਪਣੀ ਘਰਆਲ਼ੀ ? ਤੇਰੇ ‘ਚ ਹੈ ਐਨੀ ਹਿੰਮਤ ? ਤੁਸੀਂ ਲੋਕ ਬੱਸ ਸਮਾਜ ਵਿੱਚ ਗੰਦੀਆਂ ਰਚਨਾਵਾਂ ਹੀ ਫੈਲਾ ਸਕਦੇ ਓਂ, ਘਰਵਾਲ਼ੀ ਸਾਹਮਣੇ ਜਾ ਕੇ ਭਿੱਜੀ ਬਿੱਲੀ ਬਣ ਜਾਨੇ ਓਂ… ਜਿਹੜਾ ਬੰਦਾ ਘਰਵਾਲ਼ੀ ਦੇ ਥੱਲੇ ਲੱਗਜੇ, ਉਹਨੂੰ ਮਰਦ ਕਹਾਉਣ ਦਾ ਕੋਈ ਅਧਿਕਾਰ ਨਹੀਂ… ਹੈ ਕੋਈ ਅਧਿਕਾਰ…।” ਬੋਲਦਿਆਂ–ਬੋਲਦਿਆਂ ਪ੍ਰਿੰਸੀਪਲ ਸਾਹਬ ਦਾ ਚਿਹਰਾ ਲਾਲ ਹੋ ਗਿਆ, ਅੱਖਾਂ ਵਿੱਚੋਂ ਅੰਗਾਰੇ ਡਿੱਗਣ ਲੱਗ ਪਏ।
ਅਸਲ ਵਿੱਚ ਪ੍ਰਿੰਸੀਪਲ ਸਾਹਬ ਦੀ ਆਪਣੀ ਪਤਨੀ ਨਾਲ਼ ਨਹੀਂ ਸੀ ਬਣਦੀ। ਇਸੇ ਲਈ ਪ੍ਰਿੰਸੀਪਲ ਸਾਹਬ ਘਰੋਂ ਕਲ਼ੇਸ਼ ਤੋਂ ਟਲ਼ਦੇ ਸਭ ਤੋਂ ਪਹਿਲਾਂ ਕਾਲਜ ਆ ਵੜਦੇ ਨੇ ਤੇ ਸਭ ਤੋਂ ਲੇਟ ਘਰ ਜਾਂਦੇ ਸਨ। ਆਪਣੀ ਇਸ ਕਾਇਰਤਾ ਨੂੰ ਪ੍ਰਿੰਸੀਪਲ ਚਲਾਕੀ ਨਾਲ਼ ‘ਪੰਚੂਐਲਿਟੀ ਤੇ ਕੰਮ ਪ੍ਰਤੀ ਪ੍ਰਤੀਬੱਧਤਾ’ ਆਖ ਕੇ ਵਡਿਆਉਂਦੇ ਹਨ। ਸਾਰੇ ਕਾਲਜ ਨੂੰ ਇਸ ਗੱਲ ਦਾ ਪਤਾ ਹੈ ਕਿ ‘ਜਦੋਂ ਵੀ ਕੋਈ ਗੱਲਬਾਤ ਚਲਦੀ ਹੈ ਤਾਂ ਪ੍ਰਿੰਸੀਪਲ ਸਾਹਬ ਮੋੜ–ਘੋੜ ਕੇ ਤੋੜਾ ਘਰਵਾਲ਼ੀਆਂ ‘ਤੇ ਝਾੜਦੇ ਹਨ ਅਤੇ ਦੂਸਰੇ ਤੋਂ ਆਸ ਰੱਖਦੇ ਹਨ ਕਿ ਸ਼ਾਇਦ ਉਹ ਘਰਵਾਲ਼ੀ ਨੂੰ ਕਾਬੂ ਕਰਨ ਹਿੱਤ ਕੋਈ ਗੁਰ–ਮੰਤਰ ਹੀ ਦੱਸ ਦੇਵੇ !!’
ਗੱਲਬਾਤ ਹੋਰ ਪਾਸੇ ਜਾਂਦੀ ਵੇਖ ਕੇ ਪ੍ਰੋ. ਨਿਮਰਤਾ ਪ੍ਰਸਾਦ ਨੇ ਗੱਡੀ ਨੂੰ ਫੇਰ ਲੀਹ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ, “ਫੇਰ ਮੈਂ ਕੀ ਕਰਾਂ ਜੀ ?” ਪ੍ਰਿੰਸੀਪਲ ਦੇ ਕੁਤਰਕਾਂ ਅੱਗੇ ਪ੍ਰੋ. ਨਿਮਰਤਾ ਸਾਹਬ ਨੇ ਅਰਜਨ ਵਾਂਗ ਹਥਿਆਰ ਇਸੇ ਆਸ ਨਾਲ਼ ਸੁੱਟ ਦਿੱਤੇ ਪ੍ਰਿੰਸੀਪਲ ਸਾਹਬ ਸ਼੍ਰੀ ਕ੍ਰਿਸ਼ਨ ਵਾਂਗ ਕੋਈ ਵਿਰਾਟ ਸਵਰੂਪ ਦਿਖਾ ਕੇ ਉਹਦਾ ਬੇੜਾ ਪਾਰ ਲਗਾਉਣਗੇ।
“ਕਾਰਣ ਦੱਸੋ ਨੋਟਸ ਲਿਖੋ, ਹੋਰ ਕੀ !! ਜੇ ਨਹੀਂ ਲਿਖਣਾ ਆ ਰਿਹਾ ਤਾਂ 1 ਮਹੀਨੇ ਲਈ ਵਿਦਾਊਟ ਪੇਅ ਲੀਵ ਲੈ ਲਓ, ਬੀਵੀ ਨੂੰ ਕਿਸੇ ਹਿਲ ਸਟੇਸ਼ਨ ਘੁੰਮਾ ਲਿਆਓ, ਸ਼ਾਇਦ ਬੀਵੀ ਕਾਬੂ ਹੇਠ ਆ ਜਾਵੇ।” ਇੰਨਾ ਆਖ ਪ੍ਰਿੰਸੀਪਲ ਕਮੀਨੀ ਜਿਹੀ ਹਾਸੀ ਹੱਸਿਆ ਜਿਹੜੀ ਮੁਕਦਿਆਂ–ਮੁਕਦਿਆਂ ਦਰਦ ਨਾਲ਼ ਭਰੀ ਗਈ।
“ਕੀ ਲਿਖਾਂ ਜੀ ਫੇਰ ?”
“ਪ੍ਰੋਫ਼ੈਸਰ ਸਾਹਬ ! ਮੈਂ ਇੱਥੇ ਪ੍ਰਿੰਸੀਪਲ ਲੱਗਿਆ ਹੋਇਆਂ, ਤੁਹਾਡਾ ਪੀ.ਏ. ਨਹੀਂ।”
“ਸਰ ਮੇਰੀ ਲੁਟਦੀ ਇੱਜ਼ਤ ਬਚਾ ਲਓ !!” ਪ੍ਰੋਫ਼ੈਸਰ ਪ੍ਰਿੰਸੀਪਲ ਨੂੰ, ਕ੍ਰਿਸ਼ਨ ਵਾਂਗ ਵਿਰਾਟ ਸਵਰੂਪ ਨਾ ਦਿਖਾਉਣ ਦੇ ਮੂਡ ਵਿੱਚ ਦੇਖ ਕੇ, ਹਥਿਆਰ ਸੁੱਟੂ ਅਰਜਨ ਤੋਂ ਦਰੋਪਦੀ ਬਣ ਗਿਆ ਸੀ, ਇਸ ਆਸ ਨਾਲ਼ ਕਿ ‘ਭਰੀ ਸਭਾ ਵਿੱਚ ਉਛਾਲ਼ੀ ਗਈ ਪ੍ਰੋਫ਼ੈਸਰ ਸਾਹਬ ਦੀ ਪੱਤ ਨੂੰ ਕਿਸੇ ਸਲਾਹ ਦੀ ਸਾੜੀ ਨਾਲ਼ ਢਕਣਗੇ।’
ਪ੍ਰੋਫ਼ੈਸਰ ਨੂੰ ਚਾਰੇ ਖ਼ਾਨਿਓਂ ਚਿੱਤ ਹੋਇਆ ਵੇਖ ਪ੍ਰਿੰਸੀਪਲ ਦੇ ਮਨ ਅੰਦਰ ਦਯਾ ਦੇ ਭਾਵ ਉਭਰੇ ਤੇ ਬੋਲੇ, “ਦੇਖੋ, ਬਹੁਤਾ ਰੌਲ਼ਾ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਈ ਪਾਇਆ ਹੈ ਜਿਹੜੇ ਠੇਕੇਦਾਰੀ ਦਾ ਕੰਮ ਕਰਦੇ ਨੇ ? ਸੜਕਾਂ–ਪੁਲਾਂ ਦੀ ਠੇਕੇਦਾਰੀ ਦਾ ਕੰਮ ਕਰਦੇ–ਕਰਦਿਆਂ ਨੇ ਵਿੱਚੇ ਧਰਮ ਦਾ ਟੈਂਡਰ ਵੀ ਲੈ ਲਿਆ, ਉਹਦੀ ਵੀ ਠੇਕੇਦਾਰੀ….” ਪ੍ਰਿੰਸੀਪਲ ਦਾ ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਪ੍ਰੋਫ਼ੈਸਰ ਨਿਮਰਤਾ ਦਾ ਦਿਮਾਗ਼ ਕਿਸੇ ਆਈਡੀਏ ਬਾਰੇ ਸੋਚ ਕੇ ਰੋਸ਼ਨ ਹੋ ਗਿਆ। ਉਹਨੇ ਪ੍ਰਿੰਸੀਪਲ ਦਾ ਕੋਟਮ–ਕੋਟ ਧੰਨਵਾਦ ਕੀਤਾ, ਸ਼ੂਟ ਵੱਟੀ ਤੇ ਲਾਇਬ੍ਰੇਰੀ ਦੇ ਇਕਾਂਤ ਵਿੱਚ ਇੱਕ ਖੂੰਜਾ ਭਾਲ਼ ਕੇ, ‘ਕਾਰਨ ਦੱਸੋ ਨੋਟਿਸ’ ਲਿਖਣ ਬਹਿ ਗਿਆ :
“ਪਿਆਰੇ ਵਿਦਿਆਰਥੀਆਂ ਦੇ ਸਤਿਕਾਰਯੋਗ ਮਾਪਿਓ;
ਤੁਸੀਂ ਸਾਰੇ ਬਹੁਤ ਹੀ ਧਾਰਮਿਕ ਪ੍ਰਵਿਰਤੀਆਂ ਵਾਲ਼ੇ ਲੋਕ ਹੋ। ਮੈਂ ਵੀ ਨਿਹਾਇਤ ਹੀ ਕਿਸਮ ਦਾ ਧਾਰਮਿਕ ਬੰਦਾ ਹਾਂ (ਇਸ ਬਾਰੇ ਮੇਰੇ ਮੁਹੱਲੇ ਵਿੱਚ ਪੁੱਛ ਸਕਦੇ ਹੋ ਕਿਉਂਕਿ ਕੋਈ ਵੀ ਧਰਮ–ਹਿੱਤ ਕਾਰਜ ਹੋਵੇ…. ਧਾਰਮਿਕ ਸੰਸਥਾ ਦੀ ਉਸਾਰੀ, ਧਰਮ ਹਿੱਤ ਲੰਗਰ, ਭੰਡਾਰਾ, ਦਾਨ, ਜਗਰਾਤਾ ਜੋ ਕੁਝ ਵੀ ਹੋਵੇ, ਮੈਂ ਖੁੱਲ੍ਹ ਕੇ ਦਾਨ ਦਿੰਦਾ ਹਾਂ। ਜੇ ਨਹੀਂ ਵਿਸ਼ਵਾਸ ਤਾਂ ਹੁਣ ਤੱਕ ਕਟਵਾਈਆਂ ਹੋਈਆਂ ਪਰਚੀਆਂ ਵੀ ਦਿਖਾ ਸਕਦਾ ਹਾਂ।) ਮੈਂ ਹਰੇਕ ਧਾਰਮਿਕ ਸੰਸਥਾ ਦੇ ਬਾਹਰੋਂ ਲੰਘਦਾ ਹੋਇਆ ਸਿਰ ਨਿਵਾ ਕੇ ਲੰਘਦਾ ਹਾਂ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਧਾਰਮਿਕ ਸੰਸਥਾ, ਕਿਸ ਧਰਮ ਵਾਲ਼ਿਆਂ ਨੇ ਬਣਾਈ ਹੈ।
ਅਗਲੀ ਗੱਲ; ਮਨੁੱਖ ਗ਼ਲਤੀਆਂ ਦਾ ਪੁਤਲਾ ਹੈ ਕਿਉਂਕਿ ਸਭ ਕੁਝ ਮਨੁੱਖ ਦੇ ਹੱਥ–ਵਸ ਨਹੀਂ; ਸਭ ਉਸ ਪ੍ਰਭੂ–ਪਰਮਾਤਮਾ ਦੇ ਹੱਥ–ਵਸ ਹੈ। ਉਹੀ ਸਭ ਕੁਝ ਕਰਨ ਵਾਲ਼ਾ ਹੈ, ਉਸ ਦੀ ਰਜ਼ਾ ਤੇ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਸੋ ਪਹਿਲੀ ਗੱਲ ਇਹ ਕਿ ਇਹ ਗੁਨਾਹ ਮੈਥੋਂ ਨਹੀਂ ਹੋਇਆ, ਭਗਵਾਨ ਤੋਂ ਹੋਇਆ ਹੈ ਜਾਂ ਭਗਵਾਨ ਨੇ ਮੈਥੋਂ ਕਰਵਾਇਆ ਹੈ।
ਦੂਜੀ ਗੱਲ ਕਿਸਮਤ ਦੀ ਹੈ। ਹਰੇਕ ਬੰਦਾ ਆਪਣੀ ਕਿਸਮਤ ਦਾ ਪਾਉਂਦਾ ਹੈ। ਬੱਚਿਆਂ ਦੀ ਕਿਸਮਤ ਵਿੱਚ ਲਿਖਿਆ ਸੀ ਕਿ ਉਹ ਅਜਿਹੀਆਂ ਗੱਲਾਂ ਪੜ੍ਹਨ, ਉਨ੍ਹਾਂ ਪੜ੍ਹ ਲਈਆਂ। ਮੈਂ ਉਨ੍ਹਾਂ ਦੀ ਕਿਸਮਤ ਕਿਵੇਂ ਬਦਲ ਸਕਦਾ ਹਾਂ !! ਸੋ ਕਸੂਰਵਾਰ ਬੱਚੇ ਵੀ ਹਨ ਜਿਹੜੇ ਅਜਿਹੀ ਕਿਸਮਤ ਲੈ ਕੇ ਜੰਮੇ ਹਨ ਕਿ ਉਨ੍ਹਾਂ ਨੂੰ ਅਸ਼ਲੀਲ ਲਿਖਤ ਪੜ੍ਹਨੀ ਪਈ।
ਤੀਸਰੀ ਗੱਲ ਕਰਮਾਂ ਦਾ ਫਲ਼ ਹੈ। ਮੈਥੋਂ ਜੋ ਜਾਂ ਜੇ ਇਹ ਗ਼ਲਤੀ ਹੋਈ ਹੈ ਤਾਂ ਇਸ ਦਾ ਕਾਰਨ ਮੇਰਾ ਵਰਤਮਾਨ ਨਹੀਂ ਮੇਰਾ ਅਤੀਤ ਹੈ, ਭਾਵ ਕਿ ਮੇਰਾ ਪਿਛਲਾ ਜਨਮ ਹੈ। ਮੈਂ ਪਿਛਲੇ ਜਨਮ ਵਿੱਚ ਬੁਰੇ ਕਰਮ ਕੀਤੇ ਹੋਣਗੇ ਜਿਨ੍ਹਾਂ ਕਰਕੇ ਮੈਨੂੰ ਇਹ ਨਿਰਾਦਰ ਭੋਗਣਾ ਪੈ ਰਿਹਾ ਹੈ। ਇਹ ਸਭ ਪਿਛਲੇ ਜਨਮਾਂ ਦਾ ਹੀ ਫਲ਼ ਹੈ। ਸੋ ਇਸ ਜਨਮ ਵਿੱਚ ਇਹ ਜਿਹੜਾ ਕੁਕਰਮ ਹੋਇਆ ਹੈ (ਜਿਹੜਾ ਕਿ ਪਿਛਲੇ ਜਨਮਾਂ ਦਾ ਫਲ਼ ਹੈ) ਇਸ ਦੀ ਸਜ਼ਾ ਮੈਨੂੰ ਅਗਲੇ ਜਨਮ ਵਿੱਚ ਮਿਲੇ, ਨਾ ਕਿ ਇਸ ਜਨਮ ਵਿੱਚ।
ਸੋ ਮੈਨੂੰ ਬਹਾਲ ਕਰਵਾਇਆ ਜਾਵੇ। ਮੈਂ ਇਹ ਵਾਅਦਾ ਕਰਦਾ ਹਾਂ ਕਿ ਜਿਹੜਾ ਗੁਨਾਹ ਮੈਂ ਇਸ ਜਨਮ ਵਿੱਚ ਕੀਤਾ ਹੈ, ਉਸ ਦਾ ਫਲ਼ ਮੈਂ ਅਗਲੇ ਜਨਮ ਵਿੱਚ ਭੁਗਤ ਲਵਾਂਗਾ। ਮੈਂ ਇਹ ਲਿਖਤੀ ਰੂਪ ਵਿੱਚ ਵੀ ਦੇਣ ਨੂੰ ਤਿਆਰ ਹਾਂ। ਵੈਸੇ ਤਾਂ ਮੈਂ ਅਗਲੇ ਜਨਮ ਵਿੱਚ ਇਸ ਜਨਮ ਦਾ ਫ਼ਲ ਡੈਫ਼ੀਨੇਟ ਭੁਗਤ ਹੀ ਲਵਾਂਗਾ ਪਰ ਫੇਰ ਵੀ ਜੇ ਤੁਹਾਡੇ ਵਿੱਚੋਂ ਜੇ ਕੋਈ ਵੀ ਸੱਜਣ ਅਗਲੇ ਜਨਮ ਵਿੱਚ ਇਸ ਦੀ ਯਾਦ ਕਰਵਾ ਦੇਵੇ ਤਾਂ ਮੈਂ ਸ਼ੁਕਰਗੁਜ਼ਾਰ ਹੋਵਾਂਗਾ ਕਿਉਂਕਿ ਬੰਦਾ ਤਾਂ ਭੁੱਲਣਹਾਰ ਹੈ।”
ਡਾ. ਸਵਾਮੀ ਸਰਬਜੀਤ
98884–01328