ਸਿਰੜ ਸੋਚ ਵਾਲੇ ਸਨ ਮੇਰੇ ਸਤਿਕਾਰਯੋਗ ਪਿਤਾ ਪ੍ਰੇਮ ਗੋਰਖੀ – ਨਵਰੂਪ ਕੌਰ ਰੂਪੀ

(ਸਮਾਜ ਵੀਕਲੀ)

10 ਮਈ ਭੋਗ ਤੇ ਵਿਸ਼ੇਸ਼

ਪ੍ਰੇਮ ਗੋਰਖੀ ਦੀਆਂ ਕਹਾਣੀਆਂ ਨਿਮਨ ਵਰਗ ਦੀ ਤ੍ਰਾਸਦੀ ਨੂੰ ਸਮਰਪਿਤ ਰਹੀਆਂ

ਜਲੰਧਰ /ਹੁਸ਼ਿਆਰਪੁਰ (ਕੁਲਦੀਪ ਚੁੰਬਰ ) – ਮੇਰੇ ਪਿਆਰੇ ਪਿਤਾ ਜੀ ਸ੍ਰੀ ਪ੍ਰੇਮ ਗੋਰਖੀ ਜੀ ਜਿਹਨਾਂ ਦਾ ਜਨਮ (ਲਾਡੋਵਾਲੀ) ਜਲੰਧਰ ਵਿਖੇ ਹੋਇਆ। ਉਹਨਾਂ ਦਾ ਆਪਣੇ ਮਾਤਾ ਰੱਖੀ ਦੇਵੀ ਜੀ ਅਤੇ ਪਿਤਾ ਅਰਜਨ ਦਾਸ ਨਾਲ ਬਹੁਤ ਪਿਆਰ ਸੀ। ਹਮੇਸ਼ਾ ਬੀਬੀ ਤੋਂ ਪੁਰਾਣੀਆਂ ਗੱਲਾਂ ਪੁੱਛਦੇ ਰਹਿੰਦੇ ਸੀ। ਕਹਿੰਦੇ ਹੁੰਦੇ ਸੀ ਬੀਬੀ ਮੈਨੂੰ ਆਪਣੇ ਖੂਹ ਬਾਰੇ ਦੱਸ ਮੈਂ ਕਹਾਣੀਆਂ ਵਿੱਚ ਖੂਹ ਬਾਰੇ ਕੁਝ ਲਿਖਣਾ ਹੈ। ਬੀਬੀ ਨੇ ਹੱਸ ਕੇ ਕਹਿਣਾ ਤੂੰ ਪ੍ਰੇਮ ਚੰਡੀਗੜ੍ਹ ਰਹਿ ਕੇ ਵੀ ਆਪਣੇ ਪਿਛੋਕੜ ਨੂੰ ਯਾਦ ਕਰਦਾ ਰਹਿੰਦਾ ਹੈ, ਹਰ ਵੇਲੇ ਨਾਨਕਿਆਂ ਜਾਂ ਆਪਣੇ ਖੇਤਾਂ ਖੂਹਾਂ ਦੀਆਂ ਗੱਲਾਂ ਕਰਦਾ, ਹੋਰ ਕੁਝ ਵੀ ਪੁੱਛ ਲਿਆ ਕਰ ਤੇ ਬੀਬੀ ਨੇ ਹੱਸ ਪੈਣਾ।

ਬੀਬੀ ਤੇ ਅਸੀਂ ਰਾਤ ਨੂੰ ਬੈਠੇ ਗੱਲਾਂ ਕਰਦੇ ਰਹਿਣਾ ਤੇ ਪੁਰਾਣੀਆਂ ਗੱਲਾਂ ਦੱਸੀ ਜਾਣੀਆਂ ਤੇ ਡੈਡੀ ਜੀ ਨੇ ਕਦੀ ਆਪਣੇ ਭਾਈਏ ਵਾਰੇ ਕਦੀ ਉਹਨਾਂ ਦੇ ਕੰਮ ਕਾਜ ਵਾਰੇ ਜਾਂ ਫਿਰ ਆਪਣੇ ਨਾਨਕੇ ਪਿੰਡ ਬਹਾਨੀ ਵਾਰੇ ਬਹੁਤ ਕੁਝ ਪੁੱਛਣਾ, ਅਸੀਂ ਹੈਰਾਨ ਹੋਣਾ ਕਿ ਡੈਡੀ ਜੀ ਕਿਉਂ ਪੁੱਛਦੇ ਰਹਿੰਦੇ ਨੇ ਪੁਰਾਣੀਆਂ ਗੱਲਾਂ ਬੀਬੀ ਤੋਂ। ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸਨ ਆਪਣੇ ਛੋਟੇ ਭਰਾਵਾਂ ਜਸਵੰਤ ਰਾਏ, ਬਲਵੰਤ ਰਾਏ ਨੂੰ ਬੱਚਿਆਂ ਵਾਂਗ ਰੱਖਿਆ। ਸਾਡੇ ਚਾਚੇ ਵੀ ਡੈਡੀ ਜੀ ਦਾ ਬਹੁਤ ਆਦਰ ਸਤਿਕਾਰ ਤੇ ਪਿਆਰ ਕਰਦੇ ਸਨ। ਕਦੀ ਘਰ ਵਿੱਚ ਜ਼ਮੀਨਾਂ ਜਾਂ ਜਾਇਦਾਦਾਂ ਪਿੱਛੇ ਕੋਈ ਲੜਾਈ ਨਹੀਂ ਹੋਈ। ਸਭ ਬਹੁਤ ਮਿਲਣਸਾਰ ਹਨ।

ਸਾਡੇ ਪਰਿਵਾਰ ਵਿੱਚ ਕਦੀ ਬੱਚਿਆਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਫ਼ਰਕ ਨਹੀਂ ਸਭ ਬੱਚੇ ਆਪਸ ਵਿਚ ਬਹੁਤ ਪਿਆਰ ਕਰਦੇ ਹਨ।ਇਹ ਸਭ ਡੈਡੀ ਜੀ ਦੀ ਸੋਚ ਕਰਕੇ ਹੀ ਹੈ ਕਿਉਂਕਿ ਉਹ ਸਭ ਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਤੇ ਏਕਤਾ ਵਿੱਚ ਰਹਿਣਾ ਸਿਖਾਉਂਦੇ। ਉਹਨਾਂ ਨੇ ਜੋ ਵੀ ਕਹਾਣੀਆਂ ਲਿਖੀਆਂ ਸਾਰੀਆਂ ਹਮੇਸ਼ਾ ਨਿਮਨ ਵਰਗ ਦੇ ਲੋਕਾਂ ਦੀ ਸੱਚਾਈ ਨੂੰ ਬਿਆਨ ਕਰਦੇ ਹੋਏ ਲਿਖੀਆਂ। ਕਿਉਂਕਿ ਉਹਨਾਂ ਨੇ ਆਪ ਵੀ ਬਹੁਤ ਗਰੀਬੀ ਹੰਢਾਈ ਸੀ ਤੇ ਬਹੁਤ ਮਿਹਨਤ ਕਰਕੇ ਆਪਣਾ ਜੀਵਨ ਬਤੀਤ ਕੀਤਾ ਸੀ।

ਪੜ੍ਹ ਲਿਖ ਜਾਣ ਮਗਰੋਂ ਅਜੀਤ ਅਖ਼ਬਾਰ ਵਿੱਚ ਕੰਮ ਕਰਨ ਲੱਗੇ ਸਨ। ਮੈਂ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਆਪ ਟਾਈਪ ਕੀਤੀਆਂ ਹਨ ਤੇ ਪੜ੍ਹੀਆਂ ਵੀ ਹਨ। ਉਹਨਾਂ ਦੀ ਹਰ ਕਹਾਣੀ ਵਿੱਚ ਮਿਹਨਤ ਤੇ ਇਮਾਨਦਾਰੀ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਹ ਆਪ ਵੀ ਬਹੁਤ ਮਿਹਨਤੀ ਤੇ ਇਮਾਨਦਾਰੀ ਸਨ ਤੇ ਨਾਲ ਸਾਨੂੰ ਵੀ ਹਮੇਸ਼ਾ ਇਹ ਹੀ ਸਿੱਖਿਆ ਦਿੱਤੀ ਕਿ ਥੋੜ੍ਹਾ ਖਾ ਲਵੋ ਪਰ ਬੇਈਮਾਨੀ ਨਹੀਂ ਕਰਨੀ, ਮਿਹਨਤ ਕਰੋ ਤੇ ਇਮਾਨਦਾਰੀ ਨਾਲ ਸੁੱਖ ਦੀ ਰੋਟੀ ਖਾਓ।

ਉਹਨਾਂ ਨੇ 1978 ਵਿੱਚ ਪੰਜਾਬੀ ਟ੍ਰਿਬਿਊਨ ਅਖ਼ਬਾਰ ਚੰਡੀਗੜ੍ਹ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਅਖ਼ਬਾਰ ਨਵੀਂ ਨਵੀਂ ਸ਼ੁਰੂ ਹੀ ਹੋਈ ਸੀ ਤੇ ਇਹਨਾਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਪੂਰੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਮਸ਼ਹੂਰ ਹੋਏ। ਉਹ ਦੋ ਵਾਰ ਕੈਨੇਡਾ ਪੰਜਾਬੀ ਲਿਖਾਰੀ ਸਭਾ ਕਾਨਫਰੰਸ ਤੇ ਗਏ। ਇੱਕ ਵਾਰ ਅਮਰੀਕਾ, ਪਾਕਿਸਤਾਨ, ਸਿੰਘਾਪੁਰ ਤੇ ਨੇਪਾਲ ਆਦਿ ਗਏ। ਉਹਨਾਂ ਸਾਰਾ ਭਾਰਤ ਕਈ ਵਾਰ ਘੁੰਮਿਆ ਫਿਰਿਆ ਕਈਆਂ ਥਾਵਾਂ ਦੀਆਂ ਫੋਟੋ ਘਰ ਪਈਆਂ ਨੇ। ਸੈਰ ਸਪਾਟੇ ਦੇ ਤੇ ਵਧੀਆ ਪਹਿਰਾਵੇ ਦੇ ਸ਼ੌਕੀਨ ਸਨ। ਅਸੀਂ ਤਿੰਨ ਭੈਣਾਂ ਹਾਂ, ਤੇ ਇੱਕ ਭਰਾ ਹਾਂ। ਸਾਡਾ ਸਭ ਦਾ ਵਿਆਹ ਬਹੁਤ ਵਧੀਆ ਕੀਤਾ।

ਅਸੀਂ ਸਭ ਆਪਣੇ ਪਰਿਵਾਰਾਂ ਵਿੱਚ ਖੁਸ਼ ਹਾਂ। ਉਹਨਾਂ ਨੇ ਸਾਨੂੰ ਕਦੀ ਵੀ ਕੁੜੀਆਂ ਹੋਣ ਦਾ ਅਹਿਸਾਸ ਨਹੀਂ ਦਿਵਾਇਆ। ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਸਨ। ਕਹਿੰਦੇ ਸਨ ਇਹ ਮੇਰੇ ਲੜਕੇ ਹਨ। ਮੈਨੂੰ ਇਹਨਾਂ ਦਾ ਬਹੁਤ ਹੌਸਲਾ ਹੈ। ਸਾਨੂੰ ਕਦੀ ਕਿਸੇ ਵੀ ਚੀਜ਼ ਦੀ ਤੰਗੀ ਨਹੀਂ ਹੋਣ ਦਿੱਤੀ। ਕਦੀ ਵੀ ਕਿਸੇ ਕੰਮ ਤੋਂ ਜਾਂ ਕਦੀ ਕਿਸੀ ਟੂਰ ਤੇ ਜਾਣ ਤੋਂ ਨਹੀਂ ਰੋਕਿਆ। ਖੂਬ ਸਭ ਨੂੰ ਪੜ੍ਹਾਇਆ। ਅਸੀਂ ਅੱਜ ਉਹਨਾਂ ਦੇ ਕਰ ਕੇ ਹੀ ਸਭ ਆਪਣੇ ਕੰਮਾਂ ਤੇ ਸੈੱਟ ਹਾਂ। ਡੈਡੀ ਜੀ ਮੰਮੀ (ਗੁਰਦੀਪ ਕੌਰ) ਨੂੰ ਬਹੁਤ ਪਿਆਰ ਕਰਦੇ ਸੀ। ਹਮੇਸ਼ਾਂ ਕਹਿੰਦੇ ਸੀ ਗੁਰਦੀਪ ਇਹ ਆਪਣੇ ਲੜਕੇ ਹਨ ਲੜਕੀਆਂ ਨਹੀਂ।

ਇਹਨਾਂ ਦੀ ਕਿਸਮਤ ਇਹਨਾਂ ਨਾਲ ਹੈ, ਜੋ ਮੈਨੂੰ ਚੰਡੀਗੜ੍ਹ ਲੈ ਕੇ ਆਈਆਂ ਹਨ। ਮੰਮੀ ਜੀ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਕੇ ਗੁਰਦੀਪ ਤੂੰ ਬਥੇਰੀਆਂ ਤੰਗੀਆਂ ਤੁਰਸ਼ੀਆਂ ਕੱਟ ਲਈਆਂ ਹੁੁਣ ਮਨ ਭਾਉਂਦਾ ਹੰਢਾਇਆ ਕਰ। ਕਦੀ ਵੀ ਹੱਥ ਜਾਂ ਗਲਾ ਖਾਲੀ ਨਹੀਂ ਰਹਿਣ ਦਿੰਦੇ। ਜੋ ਵੀ ਕਹਾਣੀ ਲਿਖਣੀ ਪਹਿਲਾਂ ਮੰਮੀ ਜੀ ਨੂੰ ਪੜ੍ਹ ਕੇ ਸਣਾਉਣੀ ਤੇ ਫਿਰ ਪੜ੍ਹਣ ਲਈ ਦੇ ਦੇਣੀ ਤੇ ਕਹਿਣਾ ਦੱਸ ਇਸ ਕਹਾਣੀ ਦਾ ਕੀ ਨਾਂ ਰੱਖੀਏ। ਅੱਜ ਤੱਕ ਜੋ ਵੀ ਕਹਾਣੀਆਂ ਉਹਨਾਂ ਨੇ ਲਿਖੀਆਂ ਹਨ ਉਹਨਾਂ ਕਹਾਣੀਆਂ ਦੇ ਨਾਂ ਮੰਮੀ ਜੀ ਤੇ ਡੈਡੀ ਜੀ ਨੇ ਸਲਾਹ ਕਰਕੇ ਰੱਖੇ ਹਨ। ਕਹਾਣੀ ਵਿੱਚ ਜੋ ਵੀ ਉਤਾਰ ਚੜਾਅ ਕਰਨਾ ਤਾਂ ਮੰਮੀ ਜੀ ਨੇ ਦੱਸਣਾ ਤੇ ਡੈਡੀ ਜੀ ਨੇ ਝੱਟ ਠੀਕ ਕਰਨ ਲਗ ਜਾਣਾ। ਅਸੀਂ ਸਭ ਦੇਖਦੇ ਰਹਿੰਦੇ ਸਾਂ।

ਮੰਮੀ ਜੀ ਨੇ ਡੈਡੀ ਜੀ ਦਾ ਪੂਰਾ ਸਾਥ ਦੇਣਾ। ਹਮੇਸ਼ਾ ਖੁਸ਼ ਰਹਿੰਦੇ ਸਨ। ਸਾਨੂੰ ਕਹਿੰਦੇ ਹੁੰਦੇ ਸਨ ਕਿ ਗੁਰਦੀਪ ਨੇ ਮੇਰਾ ਬਹੁਤ ਸਾਥ ਦਿੱਤਾ। ਮੈਂ ਇਸ ਨੂੰ ਬਹੁਤ ਤੰਗ ਕੀਤਾ ਪਰ ਇਸ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ। ਇਹ ਮੇਰਾ ਬਹੁਤ ਖ਼ਿਆਲ ਰੱਖਦੀ ਹੈ। ਹੁਣ ਤਾਂ ਬਹੁਤ ਹੀ ਪਿਆਰ ਨਾਲ ਰਹਿੰਦੇ ਸੀ ਤੇ ਇਕ ਦੂਸਰੇ ਦਾ ਖਿਆਲ ਰੱਖੇ ਸਨ।ਜਦੋਂ ਪਿਛਲੇ ਸਾਲ ਗੁਲਜ਼ਾਰ ਸੰਧੂ ਜੀ ਨੇ ਜਨਰੇਸ਼ਨ ਗੈਪ ਕਿਤਾਬ ਤੇ ਇਨਾਮ ਦਿੱਤਾ ਤਾਂ ਬਹੁਤ ਖੁਸ਼ ਹੋਏ ਮੈਂ ਤੇ ਮੇਰੇ ਪਤੀ ਮਨਜੀਤ ਸਿੰਘ ਜੀ ਉਹਨਾਂ ਦੇ ਨਾਲ ਫੰਕਸ਼ਨ ਤੇ ਗਏ । ਪਹਿਲੀ ਸੀਟਾਂ ਤੇ ਬੈਠੇ ਸਨ, ਜਦੋਂ ਇਨਾਮ ਮਿਲਿਆ ਤਾਂ ਬਹੁਤ ਖੁਸ਼ ਹੋਏ ਤੇ ਮੈਨੂੰ ਫੜਾ ਕੇ ਕਹਿੰਦੇ ਦੇਖ ਵਧੀਆ ਹੈ ਨਾ ਮੇਰਾ ਇਨਾਮ। ਅਸੀਂ ਦੋਨੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੂੰ ਵਧਾਈ ਦੇਣ ਲੱਗ ਪਏ।

ਫਿਰ ਲੰਚ ਕੀਤਾ ਤੇ ਸਭ ਗੋਰਖੀ-ਗੋਰਖੀ ਕਰਦੇ ਉਹਨਾਂ ਦੇ ਅੱਗੇ ਪਿੱਛੇ ਫਿਰਨ ਲਗ ਪਏ। ਸਾਨੂੰ ਕਹਿੰਦੇ ਤੁਹਾਨੂੰ ਪਾਰਟੀ ਦੇਣੀ ਹੈ ਘਰ ਆਓ ਪਾਰਟੀ ਕਰਾਂਗੇ। ਪਰ ਪੰਜ ਕੁ ਦਿਨਾਂ ਬਾਅਦ ਹੀ ਉਹ ਬਿਮਾਰ ਹੋ ਗਏ ਤੇ 20 ਦਿਨ ਲਗਾਤਾਰ ਹਸਪਤਾਲ ਵਿੱਚ ਦਾਖਲ ਰਹੇ। ਫਿਰ ਵੀ ਉਹਨਾਂ ਨੇ ਹਿੰਮਤ ਨਾ ਹਾਰੀ ਤੇ ਕੁਝ ਮਹੀਨਿਆਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਹੀ ਕਰ ਲਿਆ ਤੇ ਮੈਂ ਜਦੋਂ ਵੀ ਉਹਨਾਂ ਨੂੰ ਮਿਲਣ ਜਾਣਾ ਤਾਂ ਉਹਨਾਂ ਨੇ ਹਮੇਸ਼ਾਂ ਕਹਿਣਾ ਰੂਪੀ ਮੈਨੂੰ ਕਿਤਾਬਾਂ ਭੇਜ ਦਿਆ ਕਰ ਪੜ੍ਹਨ ਲਈ। ਮੈਂ ਬੋਰ ਹੋ ਜਾਂਦਾ ਹਾਂ ਵਿਹਲਾ ਕੀ ਕਰਾਂ ਤੇਰੇ ਕੋਲ ਲੇਖਕ ਆਉਂਦੇ ਜਾਂਦੇ ਰਹਿੰਦੇ ਹਨ ਕੰਮ ਕਰਾਉਣ। ਤੂੰ ਜਦੋਂ ਵੀ ਆਉਂਦੀ ਹੁੰਦੀ ਹੈ ਤਾਂ ਕਿਤਾਬਾਂ ਲੈ ਕੇ ਆਇਆ ਕਰ।

ਮੈਂ ਕਿਹਾ ਚੰਗਾ ਡੈਡੀ ਜੀ ਅਗਲੀ ਵਾਰ ਲੈਕੇ ਆਵਾਂਗੀ। ਉਹ ਸਾਰਾ ਦਿਨ ਅਖ਼ਬਾਰ ਜਾਂ ਕਿਤਾਬਾਂ ਪੜ੍ਹਦੇ ਲਿਖਦੇ ਰਹਿੰਦੇ। ਪਰ ਇੱਕ ਗੱਲ ਹੈ ਉਹਨਾਂ ਨੂੰ ਸਭ ਵਿੱਚ ਬੈਠਕੇ ਲਿਖਣਾ ਬਹੁਤ ਪਸੰਦ ਸੀ। ਉਹ ਸਾਨੂੰ ਤੇ ਸਾਡੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੇ ਸਨ। ਪਤਾ ਨਹੀਂ ਸੀ ਕਿ ਸਾਨੂੰ ਐਨੀ ਜਲਦੀ ਅਚਾਨਕ ਛੱਡ ਕੇ ਚਲੇ ਜਾਣਗੇ। ਪਰ ਉਹ ਅਜੇ ਜਾਣਾ ਨਹੀਂ ਚਾਹੁੰਦੇ ਸਨ। ਉਹਨਾਂ ਨੂੰ ਜ਼ਿੰਦਗੀ ਜੀਣਾ ਬਹੁਤ ਪਸੰਦ ਸੀ ਤੇ ਅਜੇ ਉਹ ਆਪਣਾ ਨਾਵਲ ਪੂਰਾ ਕਰਨਾ ਚਾਹੁੰਦੇ ਸੀ ਜੋ ਆਖਰੀ ਸਮੇਂ ਲਿਖਦੇ ਪਏ ਸੀ ਤੇ ਅੱਧੇ ਨਾਲੋਂ ਜ਼ਿਆਦਾ ਮੈਂ ਟਾਈਪ ਵੀ ਕੀਤਾ ਹੋਇਆ ਹੈ। ਪਰ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਡੈਡੀ ਜੀ ਹਮੇਸ਼ਾ ਪੰਜਾਬੀ ਭਾਸ਼ਾ ਵਿਭਾਗ ਤੇ ਪੰਜਾਬੀ ਸਾਹਿਤਕ ਐਕਾਡਮੀ ਅਵਾਰਡ ਲਈ ਲੋਚਦੇ ਰਹੇ।

ਉਹ ਹਮੇਸ਼ਾ ਕਹਿੰਦੇ ਰਹੇ ਕਿ ਮੇਰੀ ਲੇਖਣੀ ਇੰਨੀ ਮਾੜੀ ਹੈ ਕਿ ਅਜੇ ਤੱਕ ਮੈਨੂੰ ਕਿਸੇ ਨੇ ਇਨਾਮ ਦੇ ਕਾਬਿਲ ਨਹੀਂ ਸਮਝਿਆ। ਉਹ ਕਹਿੰਦੇ ਜਾਤ-ਪਾਤ ਦਾ ਫ਼ਰਕ ਸਮਝਦੇ ਨੇ ਸਾਰੇ ਤਾਂਹੀ ਮੈਨੂੰ ਇਹਨਾਂ ਇਨਾਮਾਂ ਤੋਂ ਵਾਂਝੇ ਰੱਖਿਆ ਹੈ। ਨਹੀਂ ਤਾਂ ਇਹ ਇਨਾਮ ਮੈਨੁੂੰ ਅੱਜ ਤੋਂ ਦਸ ਸਾਲ ਪਹਿਲਾਂ ਹੀ ਮਿਲ ਜਾਣੇ ਸੀ। ਇਹਨਾਂ ਲੋਕਾਂ ਦੇ ਮਨ ਵਿੱਚ ਫਰਕ ਹੈ ਤਾਂ ਹੀ ਤਾਂ ਸਾਡੇ ਤੋਂ ਅੱਧੀ ਅੱਧੀ ਉਮਰ ਦੇ ਨਵੇਂ ਲੇਖਕਾਂ ਨੂੰ ਸਾਡੇ ਸਾਹਮਣੇ ਹੀ ਸਨਮਾਨਿਆ ਗਿਆ ਹੈ। ਜੋ ਉਹਨਾਂ ਦੇ ਦਿਲ ਨੂੰ ਬਹੁਤ ਵੱਡਾ ਧੱਕਾ ਲੱਗਿਆ। ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅੱਜ ਤੋਂ ਕਈ ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਨੇ ਮੈਨੂੰ ਮੇਰਾ ਨਾਮ ‘ਪ੍ਰੇਮ ਸਿੰਘ’ ਤੋਂ ‘ਪ੍ਰੇਮ ਨਿਮਾਣਾ’ ਦਿੱਤਾ ਸੀ ਤੇ ਨਾਲ ਗਿਫਟ ਵਿੱਚ ਪੈੱਨ ਦਿੱਤਾ ਸੀ।

ਜੋ ਮੇਰਾ ਨਾਗਮਣੀ ਪਰਚੇ ਵਿੱਚ ਵਧੀਆ ਕਹਾਣੀ ਲਿਖਣ ਤੇ ਵਧੀਆ ਲੇਖਕ ਵਜੋਂ ਬਹੁਤ ਹੀ ਪਿਆਰ ਨਾਲ ਆਪਣੇ ਘਰ ਬੁਲਾ ਕੇ ਦਿੱਤਾ। ਉਹ ਪੈੈੱਨ ਮੇਰੇ ਡੈਡੀ ਜੀ ਲਈ ਬਹੁਤ ਵੱਡਾ ਇਨਾਮ ਸੀ। ਉਸ ਪੈੱਨ ਨੇ ਡੈਡੀ ਜੀ ਨੂੰ ਏਨੀ ਹੱਲਾ ਸ਼ੇਰੀ ਦਿੱਤੀ ਕਿ ਉਹ ਅਖ਼ਬਾਰਾਂ ਦੇ ਪੰਨਿਆਂ ਤੇ ਪ੍ਰੇਮ ਗੋਰਖੀ ਬਣ ਕਿ ਛਪਣ ਲੱਗੇ। ਮੇਰੇ ਨਾਲ ਉਹ ਹਮੇਸ਼ਾ

ਕਹਾਣੀਆਂ ਵਾਰੇ ਜਾਂ ਇਨਾਮਾਂ ਵਾਰੇ ਹਰ ਪ੍ਰਕਾਰ ਦੀ ਗੱਲ ਕਰਦੇ ਰਹਿੰਦੇ ਸੀ। ਅੰਦਰੋਂ ਉਹਨਾਂ ਦਾ ਮਨ ਬਹੁਤ ਰੋਂਦਾ ਸੀ, ਪਰ ਅਸੀਂ ਹੌਸਲਾ ਦੇਣਾ ਕਿ ਕੋਈ ਗੱਲ ਨਹੀਂ ਡੈਡੀ ਜੀ ਹੋਰ ਵੀ ਕਈ ਇਨਾਮ ਮਿਲੇ ਹਨ ਉਹ ਕਿਹੜਾ ਘੱਟ ਹੈ ਤਾਂ ਫਿਰ ਉਹ ਹੱਸ ਪੈਂਦੇ। ਗੱਲਾਂ ਤਾਂ ਬਹੁਤ ਹਨ ਪਰ ਅਜੇ ਸਾਂਝੀਆਂ ਨਹੀਂ ਕਰ ਸਕਦੇ ਮਨ ਭਰ ਆਉਂਦਾ ਹੈ ਉਹਨਾਂ ਨੂੰ ਯਾਦ ਕਰਕੇ। ਸਾਡੇ ਡੈਡੀ ਜੀ ਸਾਡੇ ਨਾਲ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਰਹਿਣਗੇ। ਉਹ ਬਹੁਤ ਵਧੀਆ ਕਹਾਣੀਆਂ ਤੇ ਆਪਣਾ ਨਿਮਾਣਾ ਜਿਹਾ ਸੁਭਾਅ ਦੇ ਗਏ ਹਨ ਜੋ ਉਹਨਾਂ ਦੇ ਸਾਰੇ ਦੋਸਤਾਂ ਨੂੰ ਬਹੁਤ ਪਸੰਦ ਸੀ। ਬਹੁਤ ਘਟ ਬੋਲਦੇ ਹੁੰਦੇ ਸੀ ਪਰ ਜਦੋਂ ਵੀ ਕਹਾਣੀ ਬਾਰੇ ਬੋਲਣ ਲਈ ਸਟੇਜ ਤੇ ਚੜ੍ਹ ਜਾਂਦੇ ਤਾਂ ਸਭ ਨੂੰ ਕੀਲ ਲੈਂਦੇ ਤੇ ਹਰ ਸੱਚਾਈ ਪੇਸ਼ ਕਰ ਦਿੰਦੇ ਸਨ।

ਉਹ 25 ਅਪ੍ਰੈਲ ਨੁੂੰ ਬਹੁਤ ਵਧੀਆ ਠੀਕ ਠਾਕ ਸਨ ਮੰਮੀ ਜੀ ਨਾਲ ਗੱਲਾਂ ਕਰਦੇ ਸਨ ਥੋੜ੍ਹੀ ਕਮਜ਼ੋਰੀ ਮਹਿਸੂਸ ਕਰਦੇ ਸੀ ਤੇ ਅਚਾਨਕ ਹੀ ਭਰਾ ਨੇ ਆਖ ਦਿੱਤਾ ਕਿ ਚਲੋ ਡੈਡੀ ਜੀ ਹਸਪਤਾਲ ਦਿਖਾ ਲਿਆਈਏ ਤੁਹਾਨੂੰ, ਡੈਡੀ ਜੀ ਕਹਿੰਦੇ ਗਗਨ ਮੈਂ ਠੀਕ ਹਾਂ ਯਾਰ ਮੈਂ ਨਹੀਂ ਜਾਣਾ ਹਸਪਤਾਲ। ਫਿਰ ਵੀ ਜੇ ਤੂੰ ਕਹਿੰਦਾ ਹੈ ਚਲ ਚੱਲੀਏ। ਨਵਾਂ ਕੁੜਤਾ ਪਜ਼ਾਮਾ ਪਾਇਆ ਤੇ ਪਟਕਾ ਬੰਨ੍ਹਿਆ ਤੇ ਘਰ ਵਿੱਚ ਸਾਰਾ ਆਲਾ-ਦਆਲਾ ਦੇਖਿਆ ਤੇ ਤੁਰ ਪਏ। ਬੜੇ ਸੋਹਣੇ ਘਰੋਂ ਗਏ ਨੇ ਹਸਪਤਾਲ ਨੂੰ ਰਸਤੇ ਵਿੱਚ ਮੰਮੀ ਜੀ ਨਾਲ ਗੱਲਾਂ ਕਰਦੇ ਗਏ ਨੇ, ਜਾਂਦੇ ਹੀ ਡਾਕਟਰਾਂ ਨੇ ਆਕਸੀਜਨ ਲਗਾ ਦਿੱਤੀ ਤੇ ਮਿੰਟਾਂ ਵਿੱਚ ਹੀ ਦੇਖਦੇ ਹੀ ਅੱਖਾਂ ਬੰਦ ਕਰ ਲਈਆਂ। ਉਹ ਸਮਾਂ ਕਦੀ ਨਾ ਭੁੱਲਣ ਵਾਲਾ ਬਣ ਕੇ ਰਹਿ ਗਿਆ ਕਿ ਦਸ ਮਿੰਟ ਵੀ ਨਹੀਂ ਕੱਢੇ ਹਸਪਤਾਲ ਆਕੇ।

ਮੈਨੂੰ ਫ਼ੋਨ ਆਇਆ ਤੇ ਮੈਂ 20 ਕੁ ਮਿੰਟਾਂ ਵਿਚ ਹਸਪਤਾਲ ਪਹੁੰਚੀ ਤਾਂ ਮੰਮੀ ਨੂੰ ਰੋਂਦੇ ਦੇਖ ਕੇ ਦਿਲ ਕੰਬ ਗਿਆ। ਅੰਦਰ ਜਾ ਕੇ ਡੈਡੀ ਜੀ ਨੂੰ ਸਟਾਰੇਚਰ ਤੇ ਪਏ ਵੇਖਿਆ ਤਾਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਰੁੱਕਦੇ ਸਨ। ਮੇਰੇ ਸਾਹਮਣੇ ਹੀ ਡੈਡੀ ਜੀ ਨੂੰ ਰੈਪ ਕਰਨ ਲੱਗ ਪਏ। ਅਸੀਂ ਧਾਹਾਂ ਮਾਰਦੇ ਹੀ ਰਹਿ ਗਏ ਤੇ ਉਹਨਾਂ ਦੀ ਬੋਡੀ ਨੂੰ ਲੈ ਕੇ ਜਾਣ ਲੱਗੇ ਪਏ। ਉਹਨਾਂ ਦੀ ਬੋਡੀ ਨੰ ੰਲਿਜਾਂਦਿਆਂ ਦੇਖਦਿਆਂ ਤਾਂ ਇਹੀ ਖ਼ਿਆਲ ਆ ਰਿਹਾ ਸੀ ਕਿ ਇਨਸਾਨ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਂਦਾ ਸਿਰਫ਼ ਆਪਣਿਆਂ ਦਾ ਪਿਆਰ ਹੀ ਲੈਕੇ ਜਾਂਦਾ ਹੈ। ਡੈਡੀ ਜੀ ਨੇ ਕਦੀ ਪੈਸੇ ਨਾਲ ਮੋਹ ਨਹੀਂ ਕੀਤਾ, ਉਹਨਾਂ ਦਾ ਮੋਹ ਸੀ ਤਾਂ ਸਿਰਫ਼ ਆਪਣੀਆਂ ਕਹਾਣੀਆਂ ਨਾਲ ਜਾਂ ਉਹਨਾਂ ਨੂੰ ਪੜ੍ਹਨ ਵਾਲੇ ਪਾਠਕਾਂ ਨਾਲ ਸੀ। ਸੱਚ ਅੱਜ ਤਾਂ ਹੀ ਉਹਨਾਂ ਦੇ ਪਾਠਕ ਇਸੀ ਮੋਹ ਸਦਕਾ ਹੀ ਦੁੱਖ ਪ੍ਰਗਟ ਕਰਦੇ ਹਨ।

ਡੈਡੀ ਜੀ ਦਾ ਅਚਾਨਕ ਚਲੇ ਜਾਣ ਤੇ ਸਭ ਪਾਠਕਾਂ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਜਦੋਂ ਅਖ਼ਬਾਰਾਂ ਵਿੱਚ ਉਹਨਾਂ ਦੇ ਤੁਰ ਜਾਣ ਦੀਆਂ ਖ਼ਬਰਾਂ ਛਪੀਆਂ ਤਾਂ ਪੂਰੇ ਸੰਸਾਰ ਵਿੱਚ ਸ਼ੋਕ ਦੀ ਲਹਿਰ ਤੁਰ ਪਈ ਸਾਨੂੰ ਮਿੰਟਾਂ ਵਿੱਚ ਹੀ ਫੋਨ ਆਉਣ ਲੱਗ ਪਏ, ਲੋਕ ਇਸ ਹਾਦਸੇ ਨੂੰ ਸੱਚ ਨਹੀਂ ਮੰਨ ਰਹੇ ਸਨ। ਸਭ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ, ਤੇ ਕਿਹਾ ਸਾਨੂੰ ਇਉਂ ਜਾਪਦਾ ਹੈ ਜਿਵੇਂ ਸਾਡੇ ਆਪਣੇ ਪਰਿਵਾਰ ਦਾ ਜੀਅ ਸਾਡੇ ਨਾਲੋਂ ਵਿਛੜ ਗਿਆ ਹੈ। ਸਭ ਦਾ ਬਹੁਤ ਧੰਨਵਾਦ। ਅੱਜ ਉਹਨਾਂ ਦੇ ਭੋਗ ਤੇ ਦੁਖੀ ਤੇ ਰੋਂਦੇ ਹੋਏ ਦਿਲ ਨਾਲ ਆਪਣੇ ਪਿਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੀ ਵੱਡੀ ਬੇਟੀ ਨਵਰੂਪ ਕੌਰ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਰੱਬ ਦਾ ਦੂਜਾ ਨਾਮ ਹੈ ਤਾਂ ਫਿਰ ਹਰ ਦਿਨ, ਹਰ ਪਲ, ਮਾਂ ਦਿਵਸ ਕਿਓਂ ਨਹੀਂ ?
Next articleਜੇ ਮਨ ਲੱਗੇ ਤਾਂ …..!