ਸਿਨਸਿਨਾਟੀ: ਫੈਡਰਰ ਤੇ ਜੋਕੋਵਿਚ ਦੀਆਂ ਜਿੱਤਾਂ

ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਨੇ ਡਬਲਯੂਟੀਏ-ਏਟੀਪੀ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤਾਂ ਦਰਜ ਕਰਦਿਆਂ ਅਗਲੇ ਗੇੜ ਵਿੱਚ ਥਾਂ ਬਣਾ ਲਈ, ਜਦੋਂਕਿ ਪਿੱਠ ਦੇ ਦਰਦ ਕਾਰਨ ਸੇਰੇਨਾ ਵਿਲੀਅਮਜ਼ ਮੁਕਾਬਲੇ ਤੋਂ ਹਟ ਗਈ। ਇਸ ਤੋਂ ਪਹਿਲਾਂ ਇਸ ਤਕਲੀਫ਼ ਕਾਰਨ ਸੇਰੇਨਾ ਐਤਵਾਰ ਨੂੰ ਟੋਰਾਂਟੋ ਦੇ ਡਬਲਯੂਟੀਏ ਫਾਈਨਲ ਵਿੱਚ ਚਾਰ ਗੇਮ ਖੇਡਣ ਮਗਰੋਂ ਹੀ ਹਟ ਗਈ ਸੀ। ਉਸ ਨੂੰ ਇੱਥੇ ਵਾਪਸੀ ਦੀ ਉਮੀਦ ਸੀ, ਪਰ 23 ਵਾਰ ਦੀ ਗਰੈਂਡ ਸਲੈਮ ਜੇਤੂ ਨੂੰ ਪਿੱਠ ਦੀ ਤਕਲੀਫ਼ ਕਾਰਨ ਸਿਨਸਿਨਾਟੀ ਟੂਰਨਾਮੈਂਟ ਵੀ ਵਿਚਾਲੇ ਛੱਡਣਾ ਪਿਆ। ਇਸ ਤਰ੍ਹਾਂ 26 ਅਗਸਤ ਤੋਂ ਫਲਸ਼ਿੰਗ ਮੀਡੋਜ਼ ਵਿੱਚ ਸ਼ੁਰੂ ਹੋ ਰਹੇ ਯੂਐੱਸ ਓਪਨ ਵਿੱਚ ਉਸ ਦੇ ਹਿੱਸਾ ਲੈਣ ਬਾਰੇ ਵੀ ਸ਼ੰਕੇ ਖੜੇ ਹੋ ਗਏ। ਫੈਡਰਰ ਅਤੇ ਜੋਕੋਵਿਚ ਵਿੰਬਲਡਨ ਦੇ ਫਾਈਨਲ ਮਗਰੋਂ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਉਤਰ ਰਹੇ ਹਨ। ਸਰਬਿਆਈ ਖਿਡਾਰੀ ਜੋਕੋਵਿਚ ਨੇ ਸਵਿੱਸ ਸਟਾਰ ਫੈਡਰਰ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ। ਦੋਵਾਂ ਦੀ ਯੂਐੱਸ ਓਪਨ ਲਈ ਚੰਗੀ ਸ਼ੁਰੂਆਤ ਰਹੀ। ਫੈਡਰਰ ਨੇ ਮੀਂਹ ਪ੍ਰਭਾਵਿਤ ਮੈਚ ਵਿੱਚ ਅਰਜਨਟੀਨਾ ਦੇ ਜੁਆਂ ਇਗਨੈਸੀਓ ਲੌਂਡੇਰੋ ਨੂੰ 6-3, 6-4 ਨਾਲ ਹਰਾ ਕੇ ਤੀਜੇ ਗੇੜ ਵਿੱਚ ਥਾਂ ਬਣਾਈ। ਜਦੋਂ ਫੈਡਰਰ 2-2 ਦੇ ਸਕੋਰ ’ਤੇ ਸੀ ਤਾਂ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਇੱਕ ਘੰਟੇ ਤੱਕ ਰੋਕਣਾ ਪਿਆ। ਇਸੇ ਤਰ੍ਹਾਂ ਮੌਜੂਦਾ ਚੈਂਪੀਅਨ ਜੋਕੋਵਿਚ ਨੇ ਖ਼ਰਾਬ ਸ਼ੁਰੂਆਤ ਦੇ ਬਾਵਜੂਦ ਅਮਰੀਕਾ ਦੇ ਸੈਮ ਕੁਐਰੀ ਨੂੰ 7-5, 6-1 ਨਾਲ ਸ਼ਿਕਸਤ ਦਿੱਤੀ। ਸਟੇਨ ਵਾਵਰਿੰਕਾ ਨੇ ਇੱਕ ਹੋਰ ਮੁਕਾਬਲੇ ਵਿੱਚ 2017 ਦੇ ਚੈਂਪੀਅਨ ਗ੍ਰਿਗੋਰ ਦਿਮਿਤ੍ਰੋਵ ਨੂੰ 5-7, 6-4, 7-6 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਵੀਨਸ ਵਿਲੀਅਮਜ਼ ਨੇ ਮੌਜੂਦਾ ਚੈਂਪੀਅਨ ਕਿੱਕੀ ਬਰਟੈਨਜ਼ ਨੂੰ 6-3, 3-6, 7-6 ਨਾਲ ਹਰਾ ਕੇ ਬਾਹਰ ਕਰ ਦਿੱਤਾ।

Previous articleਆਜ਼ਾਦੀ ਦਿਹਾੜਾ: ਲੁਧਿਆਣਾ ਦੀ ਸੁਰੱਖਿਆ 25 ਸੌ ਪੁਲੀਸ ਮੁਲਾਜ਼ਮਾਂ ਹੱਥ
Next articleJaishankar holds talks with US Deputy Secretary Sullivan