ਪੇਈਚਿੰਗ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਇੱਕ ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੇ ਚੀਨ ਵਿੱਚ ਇਸ ਸੰਸਥਾ ਦੇ ਮੁੱਖ ਕੂਟਨੀਤਕ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਮੁਲਕ ਵਿੱਚ ਉਹ ਸੰਯੁਕਤ ਰਾਸ਼ਟਰ ਦੀਆਂ 27 ਏਜੰਸੀਆਂ ਦੇ ਕੰਮ-ਕਾਜ ਦੀ ਨਿਗਰਾਨੀ ਕਰਨਗੇ।
ਉਹ ਚੀਨ ਵਿੱਚ ‘ਯੂਨਾਈਟਡ ਨੇਸ਼ਨਜ਼ ਰੈਜ਼ੀਡੈਂਟ ਕੋਆਰਡੀਨੇਟਰ’ ਵਜੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਸਭ ਤੋਂ ਸੀਨੀਅਰ ਪ੍ਰਤੀਨਿਧੀ ਹੋਣਗੇ। ਭਾਰਤੀ ਫ਼ੌਜ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ੍ਰੀ ਚੈਟਰਜੀ ਨੂੰ ਸਾਲ 1995 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।