ਸਿਟ ਵੱਲੋਂ ਈਮੇਲ ਤੇ ਵ੍ਹਟਸਐਪ ਨੰਬਰ ਜਾਰੀ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ): ਪਿੰਡ ਬਰਗਾੜੀ ਸਮੇਤ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਿਆਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਖ਼ਿਲਾਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਟਕਪੂਰਾ ਗੋਲੀ ਕਾਂਡ ਸਬੰਧੀ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਵੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।

ਇਸ ਤਹਿਤ ਸਿਟ ਦੇ ਪ੍ਰਮੁੱਖ ਅਧਿਕਾਰੀਆਂ ਨੇ ਅੱਜ ਇੱਥੋਂ ਦੇ ਵਿਜੀਲੈਂਸ ਭਵਨ ਵਿੱਚ ਪਲੇਠੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੋਟਕਪੂਰਾ ਕਾਂਡ ਦੀ ਜਾਂਚ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਢੁਕਵੇਂ ਸਬੂਤ ਇਕੱਠੇ ਕਰਨ ਅਤੇ ਹੋਰ ਸੁਝਾਅ ਪ੍ਰਾਪਤ ਕਰਨ ਲਈ ਸਿੱਟ ਨੇ ਇੱਕ ਈਮੇਲ newsit2021kotkapuracase0gmail.com ਅਤੇ ਵ੍ਹਟਸਐਪ ਨੰਬਰ 98759-83237 ਜਾਰੀ ਕੀਤਾ ਹੈ।

ਇਨ੍ਹਾਂ ਰਾਹੀਂ ਮਾਮਲੇ ਸਬੰਧੀ ਜਾਣਕਾਰੀ ਦੇਣ ਦਾ ਕੋਈ ਵੀ ਇੱਛੁਕ ਸਿਟ ਨੂੰ ਕੋਈ ਵਿਸ਼ੇਸ਼ ਵੇਰਵੇ ਜਾਂ ਦਸਤਾਵੇਜ਼ ਭੇਜ ਸਕਦਾ ਹੈ ਤਾਂ ਜੋ ਮਾਮਲੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕੀਤੀ ਜਾ ਸਕੇ। ਸਿਟ ਨੇ ਭਰੋਸਾ ਦਿੱਤਾ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਥਾਣਾ ਕੋਟਕਪੂਰਾ ਵਿੱਚ ਦਰਜ ਐੱਫਆਈਆਰ (ਨੰਬਰ 192 ਮਿਤੀ 14-10-2015 ਅਤੇ ਨੰਬਰ 129 ਮਿਤੀ 07-08-2018) ਸਬੰਧੀ ਜਾਂਚ ਜਿੰਨੀ ਛੇਤੀ ਸੰਭਵ ਹੋ ਸਕੇ, ਕੀਤੀ ਜਾਵੇਗੀ। ਇਸ ਨੂੰ ਢੁਕਵੇਂ ਸਮੇਂ ’ਚ ਤਰਕਪੂਰਨ ਸਿੱਟੇ ’ਤੇ ਲਿਆਂਦਾ ਜਾਵੇਗਾ।

Previous articleਸੋਨੀ ਵੱਲੋਂ ਨਰਸਾਂ ਤੇ ਡਾਕਟਰਾਂ ਦੀ ਭਰਤੀ ਕਰਨ ਦਾ ਐਲਾਨ
Next articleਦਿੱਲੀ ਅੰਦੋਲਨ ਤੋਂ ਪਰਤੇ ਚਾਰ ਕਿਸਾਨਾਂ ਦੀ ਮੌਤ