ਪੰਚਾਇਤੀ ਚੋਣਾਂ ਵਿਚ ਖੂਨ ਦੇ ਰਿਸ਼ਤੇ ਤਿੜਕਣੇ ਸ਼ੁਰੂ ਹੋ ਗਏ ਹਨ। ਸਰਪੰਚੀ ਲਈ ਚੋਣ ਲੜ ਰਹੇ ਦੋ ਸਕੇ ਭਰਾਵਾਂ ਦਾ ਖੂਨ ਚਿੱਟਾ ਕਰ ਦਿੱਤਾ ਹੈ। ਜ਼ਿਲੇ ਦੇ ਬੁਢਿਆਣਾ ਪਿੰਡ ਵਿਚ ਉਂਜ ਤਾਂ ਸਰਪੰਚੀ ਦੇ ਚਾਰ ਉਮੀਦਵਾਰ ਮੈਦਾਨ ਵਿਚ ਹਨ ਪਰ ਦੋ ਸਕੇ ਭਰਾਵਾਂ ਵੱਲੋਂ ਸਰਪੰਚੀ ਲਈ ਚੋਣ ਲੜਨ ਨਾਲ ਇਹ ਦਿਲਚਸਪ ਹੋ ਗਈ ਹੈ। ਪਿੰਡ ਦੀ ਪੰਚਾਇਤ ਵਿਚ 25 ਸਾਲ ਤੱਕ ਪੰਚ ਰਹਿਣ ਵਾਲੇ ਹਰਭਜਨ ਲਾਲ ਇਸ ਵਾਰ ਸਰਪੰਚੀ ਲਈ ਚੋਣ ਲੜ ਰਹੇ ਹਨ। ਪੰਜਾਂ ਭਰਾਵਾਂ ਵਿਚੋਂ ਉਹ ਸਭ ਤੋਂ ਵੱਡੇ ਹਨ। ਛੋਟਾ ਭਰਾ ਸੱਤਪਾਲ ਵੀ ਉਨ੍ਹਾਂ ਵਿਰੁੱਧ ਸਰਪੰਚੀ ਦੀ ਚੋਣ ’ਚ ਪੂਰੀ ਤਰ੍ਹਾਂ ਡਟਿਆ ਹੋਇਆ ਹੈ। ਦੋਵਾਂ ਦੇ ਘਰ ਇਕੋ ਗਲੀ ਵਿਚ ਆਹਮੋ-ਸਾਹਮਣੇ ਹਨ। ਹੁਣ ਚੋਣਾਂ ਵਿਚ ਖੜ੍ਹੇ ਹੋਣ ਨਾਲ ਇਕ-ਦੂਜੇ ਨੂੰ ਦੁਆ ਸਲਾਮ ਵੀ ਨਹੀਂ ਕਰਦੇ। ਸਰਪੰਚੀ ਨੇ ਭਰਾਵਾਂ ਦੇ ਇਕੱਠ ’ਚ ਦੁਫੇੜ ਪਾ ਦਿੱਤੀ ਹੈ। ਹਰਭਜਨ ਲਾਲ ਇਕ ਪਾਸੇ ਹੈ ਤੇ ਬਾਕੀ ਚਾਰੋਂ ਭਰਾ ਦੂਜੇ ਪਾਸੇ।
ਗੱਲਬਾਤ ਦੌਰਾਨ ਸੱਤਪਾਲ ਨੇ ਦੱਸਿਆ ਕਿ ਸਰਪੰਚੀ ਦੇ ਅਹੁਦੇ ਵਾਸਤੇ ਚੋਣ ਲੜਨ ਲਈ ਉਹ ਸਭ ਤੋਂ ਪਹਿਲਾਂ ਆਪਣੇ ਵੱਡੇ ਭਰਾ ਹਰਭਜਨ ਲਾਲ ਕੋਲ ਹੀ ਗਿਆ ਸੀ ਕਿ ਇਸ ਵਾਰ ਉਹ ਚੋਣਾਂ ’ਚ ਉਸ ਦੀ ਮਦਦ ਕਰਨ। ਅੱਗਿਓਂ ਵੱਡੇ ਭਰਾ ਨੇ ਇਹ ਆਖ ਦਿੱਤਾ ਕਿ ਸਰਪੰਚੀ ਦਾ ਅਹੁਦਾ ਪਹਿਲੀ ਵਾਰ ਰਾਖਵਾਂ ਹੋਇਆ ਹੈ। ਇਕ ਵਾਰ ਉਹ ਸਰਪੰਚ ਵੀ ਬਣ ਕੇ ਦੇਖਣਾ ਚਾਹੁੰਦਾ ਹੈ। ਵੱਡੇ ਭਰਾ ਵਲੋਂ ਹਾਮੀ ਨਾ ਭਰੇ ਜਾਣ ’ਤੇ ਉਸ ਨੇ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਰਪੰਚੀ ਲਈ ਕਾਗਜ਼ ਦਾਖਲ ਕਰ ਦਿੱਤੇ ਸਨ। ਸੱਤਪਾਲ ਨੇ ਕਿਹਾ ਕਿ ਉਹ ਪਹਿਲੀਆਂ ਪੰਚਾਇਤੀ ਚੋਣਾਂ ਵਿਚ ਹਰ ਵਾਰ ਆਪਣੇ ਵੱਡੇ ਭਰਾ ਦਾ ਸਹਿਯੋਗ ਕਰਦਾ ਰਿਹਾ ਸੀ। ਸਮਾਜ ਸੇਵਾ ਦੇ ਉਨ੍ਹਾਂ ਨੇ ਕਈ ਕੰਮ ਪਿੰਡ ਵਿਚ ਕੀਤੇ ਸਨ ਤੇ ਹੁਣ ਉਨ੍ਹਾਂ ਦਾ ਪਿੰਡ ਦੇ ਵਿਕਾਸ ਲਈ ਏਜੰਡਾ ਬੜਾ ਸਪੱਸ਼ਟ ਹੈ।
ਸੱਤਪਾਲ ਪਿੰਡ ਵਿਚ ਮਿਡਲ ਸਕੂਲ ਨੂੰ ਹਾਈ ਸਕੂਲ ਬਣਾਉਣਾ ਚਾਹੁੰਦਾ ਹੈ। ਪਿੰਡ ਵਿਚ ਹੀ ਡਿਸਪੈਂਸਰੀ ਬਣਾਉਣ ਅਤੇ ਪਿੰਡ ਦੇ ਛੱਪੜ ਨੂੰ ਸਾਫ-ਸੁਥਰਾ ਕਰਨ ਅਤੇ ਕੋਲੋਂ ਲੰਘਦੀ ਡਰੇਨ ਨੂੰ ਸਾਫ ਕਰਨਾ ਉਸ ਦੇ ਏਜੰਡੇ ਵਿਚ ਹੈ। ਲੋੜਵੰਦਾਂ ਦੀਆਂ ਪੈਨਸ਼ਨਾਂ ਲਵਾਉਣਾ ਤੇ ਜਿਨ੍ਹਾਂ ਨੇ ਨੀਲੇ ਕਾਰਡ ਰੱਦ ਕਰ ਦਿੱਤੇ ਗਏ ਸਨ ਉਨ੍ਹਾਂ ਨੂੰ ਬਹਾਲ ਕਰਵਾਉਣਾ ਵੀ ਸ਼ਾਮਲ ਹੈ। ਸੱਤਪਾਲ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਵਿਚ ਉਸ ਦਾ ਵੱਡਾ ਭਰਾ ਚੌਥੇ ਨੰਬਰ ’ਤੇ ਆਵੇਗਾ। ਸੱਤਪਾਲ ਦਾ ਇਕ ਭਰਾ ਪਿੰਡ ਦਾ ਨੰਬਰਦਾਰ ਹੈ ਤੇ ਇਕ ਹੋਰ ਭਰਾ ਆਦਮਪੁਰ ਰਹਿੰਦਾ ਹੈ, ਜਿਹੜਾ ਕਿ ਬੈਂਕ ਮੁਲਾਜ਼ਮ ਹੈ ਪਰ ਉਸ ਦੀ ਵੋਟ ਪਿੰਡ ਵਿਚ ਨਹੀਂ ਹੈ। ਫਿਰ ਵੀ ਉਹ ਸੱਤਪਾਲ ਲਈ ਚੋਣ ਪ੍ਰਚਾਰ ਲਈ ਉਸ ਦੇ ਨਾਲ ਡਟਿਆ ਹੋਇਆ ਹੈ। ਅਮਰੀਕਾ ਰਹਿੰਦਾ ਭਰਾ ਵੀ ਸੱਤਪਾਲ ਦੀ ਆਰਥਿਕ ਤੌਰ ’ਤੇ ਪੂਰੀ ਮਦਦ ਕਰ ਰਿਹਾ ਹੈ।
ਦਸ ਜਮਾਤਾਂ ਪਾਸ ਨਾ ਕਰ ਸਕਣ ਵਾਲਾ ਸੱਤਪਾਲ ਠੇਕੇਦਾਰ ਹੈ ਜਦਕਿ ਉਸ ਦਾ ਵੱਡਾ ਭਰਾ ਹਰਭਜਨ ਲਾਲ ਡੇਅਰੀ ਚਲਾਉਂਦਾ ਹੈ ਤੇ ਮੱਝਾਂ ਦੀ ਖਰੀਦ ਵੇਚ ਕਰਦਾ ਹੈ। 1200 ਵੋਟਾਂ ਵਾਲੇ ਇਸ ਪਿੰਡ ਵਿਚ 900 ਦੇ ਕਰੀਬ ਵੋਟਾਂ ਪੈਣ ਦੀ ਉਮੀਦ ਰੱਖੀ ਜਾ ਰਹੀ ਹੈ। ਜਿਹੜੇ ਸਰਪੰਚੀ ਦੇ ਦੋ ਹੋਰ ਉਮੀਦਵਾਰ ਹਨ ਉਨ੍ਹਾਂ ਵਿਚ ਹਰਬੰਸ ਲਾਲ ਤੇ ਹਰਮੇਸ਼ ਲਾਲ ਸ਼ਾਮਲ ਹਨ। ਗੱਲਬਾਤ ਦੌਰਾਨ ਹਰਮੇਸ਼ ਲਾਲ ਨੇ ਦੱਸਿਆ ਕਿ ਉਸ ਦਾ ਸਕਾ ਭਰਾ ਵਿਜੇ ਕੁਮਾਰ ਵੀ ਉਸ ਦੇ ਵਿਰੁੱਧ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਪਰ ਜਦੋਂ ਉਸ ਨੂੰ ਸਮਝਾਇਆ ਤਾਂ ਉਹ ਚੋਣ ਨਾ ਲੜਨ ਲਈ ਮੰਨ ਗਿਆ। ਹਾਲਾਂਕਿ ਪਿੰਡ ਦੇ ਕਈ ਲੋਕਾਂ ਦਾ ਕਹਿਣਾ ਸੀ ਕਿ ਜੇ ਦੋ ਭਰਾ ਆਪਸ ਵਿਚ ਇਕਜੁੱਟ ਨਹੀਂ ਹੋ ਸਕਦੇ ਤਾਂ ਉਹ ਪਿੰਡ ਨੂੰ ਇਕੱਠਾ ਕਿਵੇਂ ਰੱਖਣਗੇ।
INDIA ਸਿਆਹ ਸਿਆਸਤ ਨੇ ਭਰਾਵਾਂ ਦਾ ਖ਼ੂਨ ਸਫ਼ੈਦ ਕੀਤਾ