ਕੋਲਕਾਤਾ ਦੇ ਪੁਲੀਸ ਕਮਿਸ਼ਨਰ ਤੋਂ ਸ਼ਾਰਦਾ ਚਿੱਟ ਫੰਡ ਮਾਮਲੇ ਵਿੱਚ ਸੀਬੀਆਈ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਛਿੜੇ ਸਿਆਸੀ ਰੇੜਕੇ ਦਾ ਭੋਗ ਪਾਉਂਦਿਆਂ ਸੁਪਰੀਮ ਕੋਰਟ ਨੇ ਅੱਜ ਕੋਲਕਾਤਾ ਦੇ ਪੁਲੀਸ ਮੁਖੀ ਰਾਜੀਵ ਕੁਮਾਰ ਨੂੰ ਸੀਬੀਆਈ ਅੱਗੇ ਪੇਸ਼ ਹੋਣ ਤੇ ਜਾਂਚ ਵਿੱਚ ‘ਇਮਾਨਦਾਰੀ’ ਨਾਲ ਸਹਿਯੋਗ ਦੇਣ ਦੀ ਹਦਾਇਤ ਕੀਤੀ ਹੈ। ਇਹੀ ਨਹੀਂ ਸੁਪਰੀਮ ਕੋਰਟ ਨੇ ਹੁਕਮਾਂ ਵਿੱਚ ਸਾਫ਼ ਕਰ ਦਿੱਤਾ ਕਿ ਕੁਮਾਰ, ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਜਾਂਚ ਏਜੰਸੀ ਅੱਗੇ ਪੇਸ਼ ਹੋਵੇਗਾ ਤੇ ਪੁੱਛਗਿੱਛ ਦੌਰਾਨ ਸੀਬੀਆਈ ਨਾ ਤਾਂ ਪੁਲੀਸ ਮੁਖੀ ਨੂੰ ਗ੍ਰਿਫ਼ਤਾਰ ਕਰੇਗੀ ਤੇ ਨਾ ਹੀ ਉਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾਵੇਗਾ। ਸੁਪਰੀਮ ਕੋਰਟ ਨੇ ਚਿੱਟ ਫੰਡ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਅਦਾਲਤੀ ਹੱਤਕ ਦੀ ਅਪੀਲ ’ਤੇ ਪੱੱਛਮੀ ਬੰਗਾਲ ਦੇ ਮੁੱਖ ਸਕੱਤਰ, ਡੀਜੀਪੀ ਤੇ ਕੋਲਕਾਤਾ ਦੇ ਪੁਲੀਸ ਮੁਖੀ ਤੋਂ 18 ਫਰਵਰੀ ਤਕ ਜਵਾਬ ਮੰਗਿਆ ਹੈ। ਕੇਸ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਸਿਖਰਲੀ ਦੇ ਇਸ ਫੈਸਲੇ ਨੂੰ ਆਪੋ ਆਪਣੀ ਮੌਲਿਕ ਜਿੱਤ ਕਰਾਰ ਦਿੱਤਾ। ਇਸ ਦੌਰਾਨ ਬੀਬੀ ਬੈਨਰਜੀ ਨੇ ਐਤਵਾਰ ਰਾਤ ਤੋਂ ਸ਼ੁਰੂ ਕੀਤਾ ਆਪਣਾ ਧਰਨਾ ਅੱਜ ਤੀਜੇ ਦਿਨ ਖ਼ਤਮ ਕਰ ਦਿੱਤਾ। ਵਿਰੋਧੀ ਪਾਰਟੀ ਦੇ ਆਗੂਆਂ ’ਚੋਂ ਟੀਡੀਪੀ ਦੇ ਚੰਦਰਬਾਬੂ ਨਾਇਡੂ, ਆਰਜੇਡੀ ਦੇ ਤੇਜਸਵੀ ਯਾਦਵ ਤੇ ਡੀਐਮਕੇ ਆਗੂ ਕੰਨੀਮੋੜੀ ਨੇ ਕੋਲਕਾਤਾ ਵਿੱਚ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ।ਇਸ ਤੋਂ ਪਹਿਲਾਂ ਮੁਲਕ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਆਈ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਹਦਾਇਤ ਕੀਤੀ ਕਿ ਸਾਰੇ ਗੈਰਲੋੜੀਂਦੇ ਵਿਵਾਦਾਂ ਨੂੰ ਦਰਕਿਨਾਰ ਕਰਨ ਲਈ ਜ਼ਰੂਰੀ ਹੈ ਕਿ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਸੀਬੀਆਈ ਅੱਗੇ ਪੇਸ਼ ਹੋਣ ਤੇ ‘ਇਮਾਨਦਾਰੀ’ ਨਾਲ ਜਾਂਚ ਵਿੱਚ ਸਹਿਯੋਗ ਦੇਣ। ਸਿਖਰਲੀ ਅਦਾਲਤ ਨੇ ਕੁਮਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ’ਚ ਕਿਸੇ ਨਿਰਪੱਖ ਥਾਂ ’ਤੇ ਸੀਬੀਆਈ ਅੱਗੇ ਪੇਸ਼ ਹੋਵੇ। ਸ੍ਰੀ ਗੋਗੋਈ ਨੇ ਸਾਫ਼ ਕਰ ਦਿੱਤਾ ਕਿ ਪੇਸ਼ੀ ਮੌਕੇ ਕੁਮਾਰ ’ਤੇ ਨਾ ਤਾਂ ਕੋਈ ਦਬਾਅ ਬਣਾਇਆ ਜਾਵੇ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੁੰਦਿਆਂ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੁਮਾਰ ਵੱਲੋਂ ਚਿੱਟ ਫੰਡ ਮਾਮਲੇ ਵਿੱਚ ਸਹਿਯੋਗ ਨਾ ਦੇਣ ਦੀ ਗੱਲ ਆਖੀ। ਉਧਰ ਪੱਛਮੀ ਬੰਗਾਲ ਸਰਕਾਰ ਵੱਲੋਂ ਪੇਸ਼ ਸਿੰਘਵੀ ਨੇ ਕਿਹਾ ਕਿ ਸੀਬੀਆਈ ਨੇ ਐਤਵਾਰ ਨੂੰ ਜੋ ਕੁਝ ਕੋਲਕਾਤਾ ਵਿੱਚ ਕੀਤਾ, ਉਹ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਯਤਨ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੌਲਿਕ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਦਾ ਹੌਸਲਾ ਵਧੇਗਾ। ਬੈਨਰਜੀ ਨੇ ਕਿਹਾ ਕਿ ਉਹ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਲਈ ਨਹੀਂ ਬਲਕਿ ਮੁਲਕ ਦੇ ਲੱਖਾਂ ਲੋਕਾਂ ਲਈ ਲੜ ਰਹੀ ਸੀ। ਇਥੇ ਧਰਨੇ ਵਾਲੀ ਥਾਂ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਬੈਨਰਜੀ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਆਮ ਆਦਮੀ, ਜਮਹੂਰੀਅਤ ਤੇ ਸੰਵਿਧਾਨ ਦੀ ਜਿੱਤ ਦੱਸਿਆ। ਮੁੱਖ ਮੰਤਰੀ ਨੇ ਕਿਹਾ, ‘ਇਸ ਸਾਰੇ ਰੇੜਕੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ। ਕਿਸੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਨਰਿੰਦਰ ਮੋਦੀ ਖ਼ਿਲਾਫ਼ ਬੋਲ ਸਕੇ। ਸਾਡਾ ਸੰਘਰਸ਼ ਸਮੂਹ ਦਾ ਸੀ ਤੇ ਅਸੀਂ ਮਿਲ ਕੇ ਲੜੇ।’ ਬੈਨਰਜੀ ਨੇ ਕਿਹਾ ਕਿ ਭਾਜਪਾ ਕਥਿਤ ਕੇਂਦਰੀ ਏਜੰਸੀਆਂ ਜਿਵੇਂ ਸੀਬੀਆਈ ਦੇ ਸਿਰ ’ਤੇ ਲੋਕਾਂ ਨੂੰ ‘ਬਲੈਕਮੇਲ’ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੀਬੀਆਈ ਦਾ ‘ਬਹੁਤ ਸਤਿਕਾਰ’ ਕਰਦੇ ਹਨ ਤੇ ਉਨ੍ਹਾਂ ਜਾਂਚ ਏਜੰਸੀ ਨੂੰ ਅਪੀਲ ਕੀਤੀ ਕਿ ਉਹ ਰਾਬਿੰਦਰਨਾਥ ਟੈਗੋਰ ਦੇ ਚੋਰੀ ਹੋਏ ਨੋਬੇਲ ਤਗ਼ਮਿਆਂ ਦੀ ਜਾਂਚ ਦੇ ਕੰਮ ਨੂੰ ਤੇਜ਼ ਕਰੇ। ਇਹ ਤਗ਼ਮੇ 2004 ਵਿੱਚ ਸ਼ਾਂਤੀਨਿਕੇਤਨ ਤੋਂ ਚੋਰੀ ਹੋਏ ਸਨ।
HOME ਸਿਆਸੀ ਟਕਰਾਅ ਦਾ ‘ਸੁਪਰੀਮ’ ਹੱਲ