ਨਵੀਂ ਦਿੱਲੀ (ਸਮਾਜਵੀਕਲੀ) : ਮਨੁੱਖੀ ਵਸੀਲਾ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ 9ਵੀਂ ਤੋਂ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਕਟੌਤੀ ਦੇ ਫੈਸਲੇ ਦਾ ਬਚਾਅ ਕਰਦਿਆਂ ਸਿਆਸਤ ਨੂੰ ਸਿੱਖਿਆ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਕਈ ਸਿੱਖਿਆ ਸ਼ਾਸਤਰੀਆਂ ਤੇ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਨੇ ਸੀਬੀਐੱਸਈ ਵੱਲੋਂ ਸਿਲੇਬਸ ਵਿੱਚ ਕਟੌਤੀ ਦੇ ਨਾਂ ’ਤੇ ਧਰਮਨਿਰਪੱਖਤਾ, ਸੰਘਵਾਦ, ਕੌਮਪ੍ਰਸਤੀ ਤੇ ਨਾਗਰਿਕਤਾ ਜਿਹੇ ਕਈ ਵਿਵਾਦਤ ਮਜ਼ਮੂਨਾਂ ’ਤੇ ਕੈਂਚੀ ਚਲਾਏ ਜਾਣ ਦਾ ਵਿਰੋਧ ਕੀਤਾ ਹੈ। ਪੋਖਰਿਆਲ ਨੇ ਕਿਹਾ ਕਿ ਸਿੱਖਿਆ ਬੱਚਿਆਂ ਪ੍ਰਤੀ ਇਕ ਪਵਿੱਤਰ ਫਰਜ਼ ਹੈ ਤੇ ਇਸ ਨੂੰ ਸਿਆਸਤ ਤੋਂ ਦੂਰ ਹੀ ਰੱਖਿਅਾ ਜਾਵੇ।