ਸਿਆਣਾ ਉਹ ਹੁੰਦਾ ਜਿਸਦੇ ਕੰਨ ਖੁਲ੍ਹੇ ਹੋਣ ਤੇ ਮੂੰਹ ਬੰਦ । ਪਰ ਹੁੰਦਾ ਅਕਸਰ ਇਸ ਤੋਂ ਉਲਟ ਹੈ । ਸਰੀਰ ਦੇ ਸਭ ਤੋਂ ਮਹੱਤਵਪੂਰਨ ਤੇ ਕਾਰਜ਼ਸ਼ੀਲ ਅੰਗ ਹੱਥ ਪੈਰ ਨਹੀੰ, ਜ਼ੁਬਾਨ ਤੇ ਕੰਨ ਹੁੰਦੇ ਹਨ । ਅੱਖਾਂ ਦੀ ਕਾਰਜਸ਼ੀਲਤਾ ਵੀ ਕਿਸੇ ਤਰਾਂ ਘਟਾਅ ਕੇ ਨਹੀੰ ਦੇਖੀ ਜਾ ਸਕਦੀ ਕਿਉਂਕਿ ਬੋਲਣ ਨਾਲੋਂ ਸੁਣਨਾ ਅਤੇ ਸੁਣਨ ਨਾਲੋਂ ਦੇਖਣਾ ਵਧੇਰੇ ਲਾਭਕਾਰੀ ਹੁੰਦਾ ਹੈ । ਚੁੱਪ ਰਹਿਣਾ ਸਿਆਣਪ ਤੇ ਅਕਲ ਦੀ ਅਮੀਰੀ ਦਾ ਲੱਛਣ ਹੁੰਦਾ ਹੈ । ਪਰ ਬਹੁਤਾ ਚੁੱਪ ਰਹਿਣ ਨਾਲ ਮਾਨਸਿਕ ਤਨਾਅ ਵੀ ਪੈਦਾ ਹੋ ਸਕਦਾ ਹੈ । ਕਿਸੇ ਦੀ ਚੁੱਪ ਨੂੰ ਕਦੇ ਵੀ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਬਹੁਤੀਆਂ ਹਾਲਤਾਂ ਵਿਚ ਮਜਬੂਰੀ ਵਾਲੀ ਚੁੱਪ ਦੇ ਪਿਛੇ ਤੂਫਾਨ ਛੁਪਿਆ ਹੁੰਦਾ ਹੈ । ਜਿੰਦਗੀ ਚ ਤਿੰਨ ਪੱਖ ਹਮੇਸ਼ਾ ਨਾਲੋ ਨਾਲ ਚਲਦੇ ਹਨ । ਉਹ ਹਨ ਬੀਤੇ ਦੀਆਂ ਯਾਦਾਂ, ਭਵਿਖੀ ਯੋਜਨਾਵਾਂ ਅਤੇ ਵਰਤਮਾਨ ਦਾ ਸੰਘਰਸ਼ । ਕਈਆਂ ਦੀ ਜਿੰਦਗੀ ਦਾ ਵਰਤਮਾਨ ਭੂਤ ਜਾਂ ਭਵਿਖ ਦੀ ਸੋਚ ਹੇਠ ਦੱਬਕੇ ਰਹਿ ਜਾਂਦਾ ਹੈ, ਪਰੰਤੂ ਜੋ ਵਰਤਮਾਨ ਚ ਵਿਚਰਦੇ ਹੋਏ ਬੀਤੇ ਦੇ ਮੰਤਵ ਨੂੰ ਸਵਾਰਦੇ ਹੋਏ ਅੱਗੇ ਵਧਦੇ ਹਨ, ਉਹਨਾਂ ਦਾ ਵਰਤਮਾਨ ਤੇ ਭਵਿੱਖ ਦੋਵੇੰ ਹੀ ਸਵਰ ਜਾਂਦੇ ਹਨ । ਜ਼ਿੰਦਗੀ ਨੂੰ ਜੀਊਣਾ ਹੀ ਕਾਫ਼ੀ ਨਹੀਂ ਕਿਉਂਕਿ ਜੀਓ ਤਾਂ ਕੀੜੇ ਮਕੋੜੇ ਵੀ ਲੈਂਦੇ ਹਨ, ਪਰ ਉਹ ਇਸ ਦੁਨੀਆ ‘ਤੇ ਕਦੋਂ ਆਉਂਦੇ ਤੇ ਕਦੋਂ ਤੁਰ ਜਾਂਦੇ ਹਨ, ਕਿਸੇ ਨੂੰ ਕੋਈ ਪਤਾ ਵੀ ਨਹੀਂ ਲਗਦਾ । ਇਸੇ ਤਰਾਂ ਜੋ ਮਨੁੱਖ ਸਿਰਫ ਜੀਓ ਕੇ ਤੁਰ ਜਾਂਦੇ ਹਨ, ਉਹਨਾਂ ਦੀ ਕੋਈ ਹੋਂਦ ਨਾ ਹੀ ਪਹਿਲਾ ਹੁੰਦੀ ਹੈ ਤੇ ਨਾ ਹੀ ਤੁਰ ਜਾਣ ਤੋਂ ਬਾਅਦ ! ਜ਼ਿੰਦਗੀ ਨੂੰ ਜੀਊਣ ਦੇ ਨਾਲ ਨਾਲ ਇਸ ਨੂੰ ਮਾਣ ਮੱਤੀ ਵੀ ਬਣਾਉਣਾ ਜ਼ਰੂਰੀ ਹੁੰਦਾ ਹੈ, ਕੁਝ ਅਜਿਹੀਆਂ ਪੈੜਾਂ ਛੱਡਣੀਆਂ ਚਾਹੀਦੀਆਂ ਹਨ, ਜੋ ਹੋਂਦ ਵੀ ਸਥਾਪਿਤ ਕਰਨ ਤੇ ਇਸ ਦੇ ਨਾਲ ਹੀ ਅਗਲੀਆਂ ਪੀੜੀਆਂ ਵਾਸਤੇ ਚਾਨਣ ਮਨਾਰਾ ਵੀ ਬਣਨ ।
ਮੇਰੀ ਪੁਸਤਕ “ਜੀਵਨ ਸੇਧਾਂ” ਚੋਂ ਕੁਝ ਅੰਸ਼
HOME ਸਿਆਣਾ ਉਹ ਹੁੰਦਾ ਜਿਸਦੇ ….