ਜੰਮੂ : ਉੱਤਰੀ ਲੱਦਾਖ ‘ਚ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਸਥਾਨ ਸਿਆਚਿਨ ‘ਚ ਬਰਫ਼ ਦੇ ਤੋਦੇ ਦੀ ਲਪੇਟ ‘ਚ ਆ ਕੇ ਚਾਰ ਫ਼ੌਜੀ ਜਵਾਨ ਤੇ ਦੋ ਪੋਰਟਰ ਸ਼ਹੀਦ ਹੋ ਗਏ। ਇਕ ਹੋਰ ਜਵਾਨ ਦੀ ਹਾਲਤ ਗੰਭੀਰ ਹੈ। ਕਰੀਬ 18 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸੋਮਵਾਰ ਦੁਪਹਿਰ ਬਾਅਦ ਹਾਦਸਾ ਹੋਇਆ। ਇਹ ਦਲ ਆਪਣੇ ਬਿਮਾਰ ਸਾਥੀ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਰਫ਼ ਦੇ ਤੋਦੇ ਦੀ ਲਪੇਟ ‘ਚ ਆ ਗਿਆ।
ਫ਼ੌਜੀ ਅਧਿਕਾਰੀਆਂ ਮੁਤਾਬਕ, ਸਿਆਚਿਨ ‘ਚ ਮਨਫ਼ੀ 30 ਡਿਗਰੀ ਸੈਲਸੀਅਸ ਤਾਪਮਾਨ ‘ਚ ਕੰਟਰੋਲ ਲਾਈਨ ਦੇ ਨਜ਼ਦੀਕ ਗ਼ਸ਼ਤ ਕਰ ਰਹੀ ਫ਼ੌਜ ਦੀ ਟੁਕੜੀ ਸੋਮਵਾਰ ਦੁਪਹਿਰ ਬਾਅਦ ਬਰਫ਼ ਦੇ ਤੋਦੇ ਦੀ ਲਪੇਟ ‘ਚ ਆ ਗਈ। ਦਸਤੇ ‘ਚ ਫ਼ੌਜ ਦੇ ਦੋ ਪੋਰਟਰ ਵੀ ਸ਼ਾਮਲ ਸਨ। ਗ਼ਸ਼ਤੀ ਪਾਰਟੀ ਖੇਤਰ ‘ਚ ਫ਼ੌਜ ਦੀ ਪੋਸਟ ‘ਤੇ ਬਿਮਾਰ ਇਕ ਸਾਥੀ ਨੂੰ ਉੱਥੋਂ ਹਸਪਤਾਲ ਪਹੁੰਚਾਉਣ ਲਈ ਨਿਕਲੀ ਸੀ, ਪਰ ਹਾਦਸੇ ਦਾ ਸ਼ਿਕਾਰ ਹੋ ਗਈ।
ਫ਼ੌਜੀ ਸੂਤਰਾਂ ਮੁਤਾਬਕ, ਉੱਚ ਪਹਾੜੀ ਇਲਾਕਿਆਂ ‘ਚ ਰਾਹਤ ਕਾਰਵਾਈ ਚਲਾਉਣ ‘ਚ ਮਾਹਿਰ ਐਵਲਾਂਚ ਪੈਂਥਰਜ਼ ਨੂੰ ਲਾਪਤਾ ਫ਼ੌਜੀਆਂ ਨੂੰ ਲੱਭਣ ਲਈ ਉਤਾਰਿਆ ਗਿਆ। ਕਾਰਵਾਈ ‘ਚ ਫ਼ੌਜ ਦੀ ਮਾਊਂਟੇਨ ਰੈਸਕਿਊ ਟੀਮ ਵੀ ਸ਼ਾਮਲ ਹੋਈ। ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ ‘ਚ ਲੱਭ ਲਿਆ ਗਿਆ। ਹੈਲੀਕਾਪਟਰ ਰਾਹੀਂ ਛੇ ਜਵਾਨਾਂ ਤੇ ਦੋ ਪੋਰਟਰਾਂ ਨੂੰ ਫ਼ੌਜੀ ਹਸਪਤਾਲ ਲਿਜਇਆ ਗਿਆ। ਇਨ੍ਹਾਂ ‘ਚ ਚਾਰ ਜਵਾਨ ਤੇ ਦੋ ਪੋਰਟਰ ਸ਼ਹੀਦ ਹੋ ਗਏ। ਇਕ ਹੋਰ ਦੀ ਹਾਲਤ ਗੰਭੀਰ ਹੈ।