ਸ੍ਰੀਨਗਰ : ਸਮੁੰਦਰ ਦੇ ਤਲ ਤੋਂ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਲੜਾਈ ਵਾਲੇ ਮੈਦਾਨ ਸਿਆਚਿਨ ਗਲੇਸ਼ੀਅਰ ਵਿਚ ਸ਼ਨਿਚਰਵਾਰ ਨੂੰ ਬਰਫ਼ ਦੇ ਤੋਦਿਆਂ ਹੇਠ ਆਉਣ ਕਾਰਨ ਦੋ ਫ਼ੌਜੀ ਜਵਾਨ ਸ਼ਹੀਦ ਹੋ ਗਏ ਜਦਕਿ ਛੇ ਹੋਰਨਾਂ ਜਵਾਨਾਂ ਨੂੰ ਬਚਾ ਲਿਆ ਗਿਆ ਹੈ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਅੱਠ ਫ਼ੌਜੀ ਜਵਾਨਾਂ ਦੀ ਟੀਮ ਮਨਫ਼ੀ 30 ਡਿਗਰੀ ਤੋਂ ਵੀ ਘੱਟ ਤਾਪਮਾਨ ਵਿਚ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਅਚਾਨਕ ਬਰਫ਼ ਦੇ ਤੋਦੇ ਖਿਸਕੇ ਜਿਨ੍ਹਾਂ ਦੀ ਲਪੇਟ ਵਿਚ ਫ਼ੌਜੀ ਟੀਮ ਆ ਗਈ। ਸਿਆਚਿਨ ਦੇ ਦੱਖਣੀ ਹਿੱਸੇ ਵਿਚ ਬਰਫ਼ ਦੇ ਤੋਦਿਆਂ ਹੇਠ ਗਸ਼ਤੀ ਟੀਮ ਦੇ ਫਸਣ ਦੀ ਖ਼ਬਰ ਮਿਲਦਿਆਂ ਹੀ ਫ਼ੌਜ ਦੇ ‘ਐਵਲਾਂਚ ਪੈਂਥਰਜ਼’ ਤੇ ‘ਮਾਊਂਟੈਨ ਰੈਸਕਿਊ ਟੀਮ ਹੈਲੀਕਾਪਟਰ ਜ਼ਰੀਏ ਪ੍ਰਭਾਵਿਤ ਇਲਾਕੇ ਵਿਚ ਪੁੱਜੀ। ਰਾਹਤ ਕਾਮਿਆਂ ਨੇ ਆਧੁਨਿਕ ਸੈਂਸਰਾਂ ਜ਼ਰੀਏ ਬਚਾਅ ਕਾਰਜ ਸ਼ੁਰੂ ਕੀਤਾ। ਕੁਝ ਹੀ ਦੇਰ ਵਿਚ ਬਚਾਅ ਟੀਮ ਨੇ ਛੇ ਜਵਾਨਾਂ ਨੂੰ ਬਚਾਅ ਲਿਆ। ਦੋ ਜਵਾਨਾਂ ਦੀ ਗੰਭੀਰ ਹਾਲਤ ‘ਚ ਬਰਫ਼ ਹੇਠੋਂ ਕੱਢਿਆ ਗਿਆ। ਇਹ ਦੋਵੇਂ 16 ਫੁੱਟ ਮੋਟੀ ਬਰਫ਼ ਦੀ ਪਰਤ ਹੇਠ ਦੱਬੇ ਹੋਏ ਸਨ। ਇਨ੍ਹਾਂ ਦੋਵਾਂ ਨੂੰ ਮੌਕੇ ‘ਤੇ ਇਲਾਜ ਵੀ ਕੀਤਾ ਗਿਆ ਪਰ ਇਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।