ਨਿੳੂਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾੳੂਥੀ ਨੇ ਸ੍ਰੀਲੰਕਾ ਦੇ ਸਿਖ਼ਰਲੇ ਕ੍ਰਮ ਨੂੰ ਢਹਿ ਢੇਰੀ ਕਰਦਿਆਂ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਸ਼ਨਿਚਰਵਾਰ ਨੂੰ ਇੱਥੇ ਨਿੳੂਜ਼ੀਲੈਂਡ ਦਾ ਪੱਲਡ਼ਾ ਭਾਰੀ ਰੱਖਿਆ। ਸਾੳੂਥੀ ਨੇ 67 ਦੌਡ਼ਾਂ ਬਦਲੇ ਪੰਜ ਵਿਕਟਾਂ ਲਈਆਂ ਹਨ। ਉਸ ਨੇ ਆਪਣੇ ਪਹਿਲੇ ਸਪੈੱਲ ਵਿਚ ਤਿੰਨ ਵਿਕਟਾਂ ਲੈ ਕੇ ਸ੍ਰੀਲੰਕਾ ਦਾ ਸਕੋਰ ਤਿੰਨ ਵਿਕਟਾਂ ਉੱਤੇ 9 ਦੌਡ਼ਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾੳੂਥੀ ਨੇ ਤੀਜੇ ਸੈਸ਼ਨ ਵਿਚ ਦੋ ਅਹਿਮ ਵਿਕਟ ਲਏ। ਸ੍ਰੀਲੰਕਾ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ 9 ਵਿਕਟਾਂ ੳੁੱਤੇ 275 ਦੌਡ਼ਾਂ ਬਣਾਈਆਂ ਹਨ। ਉਸ ਦੀਆਂ ਉਮੀਦਾਂ ਨਿਰੋਸ਼ਨ ਡਿਕਵੇਲਾ ਉੱਤੇ ਟਿਕੀਆਂ ਹਨ, ਉਹ 73 ਦੌਡ਼ਾਂ ਉੱਤੇ ਖੇਡ ਰਿਹਾ ਹੈ। ਇਸ ਤੋਂ ਇਲਾਵਾ ਸਿਰਫ ਅੈਂਜਲੋ ਮੈਥਿਓਜ਼ (83) ਅਤੇ ਦਿਮੁਥ ਕਰੁਣਾਰਤਨੇ (79) ਹੀ ਚੰਗੀ ਬੱਲੇਬਾਜ਼ੀ ਕਰ ਸਕੇ ਹਨ। ਇਨ੍ਹਾਂ ਦੋਨਾਂ ਨੇ ਚੌਥੇ ਵਿਕਟ ਲਈ 131 ਦੌਡ਼ਾਂ ਜੋਡ਼ ਕੇ ਸ੍ਰੀਲੰਕਾ ਨੂੰ ਸਾੳੂਥੀ ਦੇ ਝਟਕਿਆਂ ਵਿਚੋਂ ਉਭਾਰਿਆ। ਸਾੳੂਥੀ ਨੇ ਆਪਣੇ ਪਹਿਲੇ ਦੋ ਓਵਰਾਂ ਵਿਚ ਧਨੁਸ਼ਕਾ ਗੁਣਤਿਲਕਾ (1) ਅਤੇ ਧਨੰਜਿਆ ਡੀ ਸਿਲਵਾ (1) ਨੂੰ ਆੳੂਟ ਕੀਤਾ। ਇਸ ਤੋਂ ਬਾਅਦ ਉਸ ਨੇ ਜੀਵਨ ਮੈਂਡਿਸ (2) ਨੂੰ ਮਿਡ ਵਿਕਟ ਉੱਤੇ ਆਸਾਨ ਕੈਚ ਦੇਣ ਲਈ ਮਜ਼ਬੂਰ ਕਰ ਦਿੱਤਾ। ਕਰੁਣਾਰਤਨੇ ਜਦੋਂ 33 ਦੌਡ਼ਾਂ ਉੱਤੇ ਸੀ ਤਾਂ ਉਸ ਨੂੰ ਜੀਵਨਦਾਨ ਮਿਲਿਆ। ਨੀਲ ਵੈਗਨਰ (75 ਦੌਡ਼ਾਂ ਬਦਲੇ ਦੋ ਵਿਕਟਾਂ) ਦੀ ਗੇਂਦ ਉਤੇ ਉਸਨੂੰ ਕੈਚ ਆਊੁਟ ਕਰ ਲਿਆ ਗਿਆ ਸੀ ਪਰ ਇਹ ਨੋ ਬਾਲ ਨਿਕਲ ਗਈ। ਕਰੁਣਾਰਤਨੇ ਨੇ 101 ਗੇਂਦਾਂ ਉੱਤੇ ਆਪਣਾ 21ਵਾਂ ਟੈਸਟ ਅਰਧ ਸੈਂਕਡ਼ਾ ਪੂਰਾ ਕੀਤਾ। ਵੈਗਨਰ ਨੇ ਲੰਚ ਤੋਂ ਬਾਅਦ ਉਸਨੂੰ ਵਿਕਟ ਕੀਪਰ ਬੀਜੇ ਵਾਟਲਿੰਗ ਦੇ ਹੱਥੋਂ ਕੈਚਆੳੂਟ ਕਰਵਾ ਦਿੱਤਾ। ਕਪਤਾਨ ਦਿਨੇਸ਼ ਚਾਂਦੀਮਲ ਨੇ ਕਾਫੀ ਸਾਵਧਾਨੀ ਵਰਤੀ ਪਰ ੳੁਹ ਵੀ 34 ਗੇਂਦਾਂ ਉਤੇ 6 ਦੌਡ਼ਾਂ ਬਣਾ ਕੇ ਸਾੳੂਥੀ ਦਾ ਚੌਥਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸਾਉੂਥੀ ਨੇ ਮੈਥਿੳੂਜ਼ ਨੂੰ ਵਿਕਟ ਪਿੱਛੇ ਕੈਚ ਕਰਵਾ ਕੇ ਸ੍ਰੀਲੰਕਾ ਨੂੰ ਪਿੱਛੇ ਧੱਕ ਦਿੱਤਾ। ਡਿਕਵੇਲਾ ਨੇ ਪੁਛਲੇ ਬੱਲੇਬਾਜ਼ਾਂ ਨਾਲ ਚੰਗੀ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਉਸ ਨੇ 90 ਗੇਂਦਾਂ ਦਾ ਸਾਹਮਣਾ ਕਰਦਿਆਂ ਦਸ ਚੌਕੇ ਲਾਏ।
Sports ਸਾੳੂਥੀ ਨੇ ਪੰਜ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਬੱਲੇਬਾਜ਼ੀ ਕੀਤੀ ਢਹਿ-ਢੇਰੀ