ਇਟਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸਾਹਿਤਕ ਲੜੀ ਨੂੰ ਅੱਗੇ ਤੋਰਦੇ ਸਾਹਿਤ ਸੁਰ ਸੰਗਮ ਇਟਲੀ ਵੱਲੋਂ ਲੋਕ ਸੰਘਰਸ਼ ਨੂੰ ਸਮਰਪਿਤ ਆਨਲਾਈਨ ਯੂਰਪੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਕੀਤੀ ਅਤੇ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪ੍ਰਸਿੱਧ ਕਵੀ ਤੇ ਪੰਜਾਬੀ ਚਿੰਤਕ ਰਵਿੰਦਰ ਰਵੀ ਜੀ ਸ਼ਾਮਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਦੁਆਰਾ ਕੀਤੀ।
ਜਿਸ ਵਿੱਚ ਉਹਨਾਂ ਨੇ ਲੋਕ ਸੰਘਰਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਅਜਿਹੇ ਫੈਸਲੇ ਚਾਹੀਦੇ ਹਨ ਜੋ ਲੋਕਾਂ ਦੇ ਹਿੱਤ ਵਿੱਚ ਹੋਣ ਨਾ ਕਿ ਪੂੰਜੀਪਤੀਆਂ ਦਾ ਪੱਖ ਪੂਰਦੇ ਹੋਣ। ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਰਵਿੰਦਰ ਰਵੀ ਨੇ ਆਪਣੇ ਵਿਚਾਰ ਰੱਖੇ। ਜਿਸ ਵਿੱਚ ਉਹਨਾਂ ਨੇ ਪ੍ਰਵਾਸ ਤੇ ਪ੍ਰਵਾਸੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸੁਰਜੀਤ ਪਾਤਰ ਜੀ ਨੇ ਪ੍ਰਧਾਨਗੀ ਭਾਸ਼ਨ ਵਿੱਚ ਲੋਕ ਸੰਘਰਸ਼, ਪ੍ਰਵਾਸ ਤੇ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖ ਕੇ ਜਿੱਥੇ ਵਿਚਾਰ ਚਰਚਾ ਕੀਤੀ ਉੱਥੇ ਉਹਨਾਂ ਨੇ ਆਪਣੀ ਸ਼ਾਇਰੀ ਨਾਲ ਵੀ ਖੂਬ ਰੰਗ ਬੰਨਿਆ।
ਕਵੀ ਦਰਬਾਰ ਵਿੱਚ ਜਰਮਨੀ ਤੋਂ ਪ੍ਰਸਿੱਧ ਲੇਖਕ ਤੇ ਚਿੰਤਕ ਕੇਹਰ ਸ਼ਰੀਫ, ਅਮਜਦ ਅਲੀ ਆਰਫ਼ੀ, ਨੀਲੂ ਜਰਮਨੀ, ਗੀ੍ਰਸ ਤੋਂ ਗੁਰਪ੍ਰੀਤ ਕੌਰ ਗਾਇਦੂ, ਯੂ ਕੇ ਤੋਂ ਕੁਲਵੰਤ ਕੌਰ ਢਿੱਲੋਂ, ਮਨਦੀਪ ਖੁਰਮੀ, ਗੁਰਮੇਲ ਕੌਰ ਸੰਘਾ, ਦਲਜੀਤ ਕੌਰ ਨਿੱਜਰਾਂ, ਬੈਲਜੀਅਮ ਤੋਂ ਜੀਤ ਸੁਰਜੀਤ, ਫਰਾਂਸ ਤੋਂ ਕੁਲਵੰਤ ਕੌਰ ਚੰਨ ਜੰਮੂ, ਪੁਰਤਗਾਲ ਤੋਂ ਦੁਖਭੰਜਨ ਰੰਧਾਵਾ, ਇਟਲੀ ਤੋਂ ਰਾਣਾ ਅਠੌਲਾ, ਪ੍ਰੋ ਜਸਪਾਲ ਸਿੰਘ, ਮੇਜਰ ਸਿੰਘ ਖੱਖ, ਬਲਦੇਵ ਸਿੰਘ ਬੋਲਾ, ਅਮਰਬੀਰ ਹੋਠੀ, ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਬਲਵਿੰਦਰ ਸਿੰਘ ਚਾਹਲ ਤੇ ਦਲਜਿੰਦਰ ਰਹਿਲ ਨੇ ਖੂਬ ਰੰਗ ਬੰਨਿਆ।
ਦਲਜਿੰਦਰ ਰਹਿਲ ਨੇ ਬਹੁਤ ਖੂਬਸੂਰਤੀ ਨਾਲ ਇਸ ਸਮਾਗਮ ਦੀ ਸੰਚਾਲਨਾ ਕੀਤੀ। ਅਖੀਰ ਵਿੱਚ ਗੁਰੁ ਨਾਨਕ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਐਸ ਪੀ ਸਿੰਘ ਨੇ ਸਭਾ ਦੇ ਸਾਹਿਤਕ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੇ ਸਮਾਗਮ ਕੀਤੇ ਜਾਣੇ ਸਮੇਂ ਦੀ ਲੋੜ ਹੈ ਜਿਹਨਾਂ ਨੂੰ ਸਾਹਿਤ ਸੁਰ ਸੰਗਮ ਸਭਾ ਇਟਲੀ ਬਾਖੂਬੀ ਨਿਭਾ ਰਹੀ ਹੈ।