(ਸਮਾਜ ਵੀਕਲੀ)
ਸੁਣ ਗੱਲ ਘੜਾਮੇਂ ਵਾਲ਼ਿਆ।
ਤੂੰ ਸਦਾ ਲਿਖਣ ਨੂੰ ਕਾਹਲ਼ਿਆ।
ਨਿੱਤ ਇੱਧਰੋਂ ਉੱਧਰੋਂ ਤੱਕ ਕੇ।
ਬਹਿ ਜਾਨੈਂ ਕਲਮ ਨੂੰ ਚੱਕ ਕੇ।
ਫਿਰ ਉਰਲੀਆਂ ਪਰਲੀਆਂ ਮਾਰ ਵੇ।
ਨਿੱਤ ਕਵਿਤਾ ਦਵੇਂ ਉਚਾਰ ਵੇ।
ਪਰ ਮੁਕਰ ਸਕੇਂ ਨਾ ਗੱਲ ਤੋਂ।
ਹੈ ਸਭ ਕੁਝ ਬਾਹਰ ਵੱਲ ਤੋਂ।
ਇਹ ਖਬਰਾਂ ਨੇ ਕਵਿਤਾਵਾਂ ਨਹੀਂ।
ਕੋਈ ਅੰਦਰੋਂ ਬਣੀਆਂ ਰਾਹਵਾਂ ਨਹੀਂ।
ਬੱਸ ਤੁੱਕ-ਬੰਦੀ ਭਰਭੂਰ ਹੈ।
ਬੜਾ ‘ਧੰਨ ਲਿਖਾਰੀ….’ ਦੂਰ ਹੈ।
ਬੜਾ ‘ਧੰਨ ਲਿਖਾਰੀ…’ ਦੂਰ ਹੈ।
(2)
ਜੇ ਲਿਖਣਾ ਈ ਐ ਤਾਂ ਸੁਣ ਜਰਾ।
ਗੱਲ ਸਮਝ ਕੇ ਜਾਵੀਂ ਹੁਣ ਜਰਾ।
ਕਰ ਧਿਆਨ ਆਂਡੇ ਦਾ ਟੁੱਟਣਾ
ਤੇ ਸਬਰੀਂ ਅੰਦਰੋਂ ਫੁੱਟਣਾ।
ਜੇ ਟੁੱਟੇ ਆਂਡਾ ਬਾਹਰ ਤੋਂ।
ਕਿਸੇ ਦੁਰਘਟਨਾ ਜਾਂ ਮਾਰ ਤੋਂ।
ਉੱਥੇ ਹੀ ਸੱਭ ਖਲਾਸ ਹੈ।
ਤੇ ਹਸ਼ਰ ਅੰਤ ਜਾਂ ਨਾਸ਼ ਹੈ।
ਜਦ ਇਹੀਉ ਅੰਦਰੋਂ ਟੁੱਟਦਾ।
ਕੁਦਰਤ ਦੇ ਖੇਡੀਂ ਫੁੱਟਦਾ।
ਫਿਰ ਰੋਮੀਆਂ ਜੋ ਹੈ ਬਾਤ ਵੇ।
ਉਹ ਜੀਵਨ ਦੀ ਸ਼ੁਰੂਆਤ ਵੇ।
ਉਹ ਜੀਵਨ ਦੀ ਸ਼ੁਰੂਆਤ ਵੇ।
ਰੋਮੀ ਘੜਾਮੇਂ ਵਾਲਾ।
98552-81105