(ਸਮਾਜ ਵੀਕਲੀ)
” ਮਿਟਾ ਦੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੀਏ, ਕਿ ਦਾਨਾ ਖ਼ਾਕ ਮੇਂ ਮਿਲ ਕਰ ਗੁੱਲ ਏ ਗੁਲਜ਼ਾਰ ਹੋਤਾ ਹੈ ।”
ਇਹ ਉਕਤ ਤੁੱਕਾਂ ਸਾਹਿਤਕ ਅਤੇ ਸਿੱਖਿਆ – ਜਗਤ ਦੇ ਚਮਕਦੇ ਸਿਤਾਰੇ ਮੈਡਮ ਮਨਦੀਪ ਰਿੰਪੀ ‘ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਮੈਡਮ ਮਨਦੀਪ ਰਿੰਪੀ ਕਿਸੇ ਜਾਣ – ਪਹਿਚਾਣ ਦੇ ਮੁਥਾਜ ਨਹੀਂ । ਮੈਡਮ ਮਨਦੀਪ ਰਿੰਪੀ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਰਹਿਣ ਵਾਲੇ ਹਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਵਿਖੇ ਬਤੌਰ ਅਧਿਆਪਕਾ ਸੇਵਾ ਨਿਭਾਅ ਰਹੇ ਹਨ। ਮੈਡਮ ਰਿੰਪੀ ਜਿੱਥੇ ਸਾਹਿਤ ਖੇਤਰ ਵਿੱਚ ਕਹਾਣੀਆਂ, ਕਵਿਤਾਵਾਂ, ਰਚਨਾਵਾਂ ਆਦਿ ਵੱਖ – ਵੱਖ ਵਿਧਾ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ। ਉੱਥੇ ਹੀ ਵੱਖ – ਵੱਖ ਤਰ੍ਹਾਂ ਦੇ ਰੇਡੀਓ ਪ੍ਰੋਗਰਾਮਾਂ ਵਿੱਚ ਵੀ ਭਾਗ ਲੈ ਕੇ ਨਾਮਣਾ ਖੱਟ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਕਰੋਨਾ ਮਹਾਂਮਾਰੀ ਸੰਕਟ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੂਰਦਰਸ਼ਨ ਕੇਂਦਰ ਜਲੰਧਰ ‘ਤੇ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ “ਆੱਨਲਾਈਨ ਪ੍ਰਾਇਮਰੀ ਸਿੱਖਿਆ ” (ਰੋਜ਼ਾਨਾ ਸਵੇਰੇ 9 ਵਜੇ ਤੋਂ 10 ਵਜੇ ਤੱਕ) ਵਿੱਚ ਸਾਹਿਤਕਾਰਾ ਅਤੇ ਅਧਿਆਪਕਾ ਮੈਡਮ ਮਨਦੀਪ ਰਿੰਪੀ ਲਗਾਤਾਰ ਤੀਸਰੀ ਵਾਰ ਹਾਜ਼ਰੀ ਲਗਵਾ ਚੁੱਕੇ ਹਨ। ਇਹ ਇੱਕ ਬਹੁਤ ਵੱਡੀ ਖੁਸ਼ੀ ਤੇ ਮਾਣ ਦੀ ਗੱਲ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਇਹ ਹੁਣ ਤੱਕ ਦੇ ਇੱਕੋ – ਇੱਕ ਪ੍ਰਾਇਮਰੀ ਅਧਿਆਪਕਾ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
ਮੈਡਮ ਮਨਦੀਪ ਰਿੰਪੀ ਦੀ ਸਿੱਖਿਆ ਬੋਰਡ ਵੱਲੋਂ ਵਿਸ਼ੇਸ਼ ਤੌਰ ‘ਤੇ ਚੋਣ ਹੋਣਾ ਰੂਪਨਗਰ ਜ਼ਿਲ੍ਹੇ ਲਈ ਬਹੁਤ ਹੀ ਮਾਣ, ਸਤਿਕਾਰ ਤੇ ਵਡਭਾਗੀ ਗੱਲ ਹੈ। ਨਾਰੀ ਸਸ਼ਸਤਰੀਕਰਨ ਦੇ ਪੱਖ ਤੋਂ ਵੀ ਇੱਕ ਮਹਿਲਾ ਵਜੋਂ ਘਰੇਲੂ ਰੁਝੇਵਿਆਂ ਦੇ ਨਾਲ – ਨਾਲ ਸਾਹਿਤ ਰਚਨਾ ਦਾ ਨਿਵੇਕਲਾ ਕੰਮ ਕਰਨਾ, ਅਧਿਆਪਕਾ ਵਜੋਂ ਸੇਵਾ ਨਿਭਾਉਣ ਅਤੇ ਲਗਾਤਾਰ ਸਿੱਖਿਅਕ ਪ੍ਰੋਗਰਾਮ ਪੇਸ਼ ਕਰਨਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਹੈ; ਕਿਉਂਕਿ ਅਜਿਹਾ ਸਭ ਕੁਝ ਕਰਨਾ ਸਿਦਕ, ਸਿਰੜ, ਸਹਿਣਸ਼ੀਲਤਾ, ਉੱਦਮ, ਕਰਮਸ਼ੀਲਤਾ ਅਤੇ ਲਗਨ ਭਾਵਨਾ ਦੀ ਵਿਸ਼ੇਸ਼ ਮੰਗ ਕਰਦਾ ਹੈ । ਇਸ ਤੋਂ ਇਲਾਵਾ ਪਰਿਵਾਰਕ ਸਹਿਯੋਗ ਅਤੇ ਉੱਚੀ – ਸੁੱਚੀ ਤੇ ਸਕਾਰਾਤਮਕ ਸੋਚ ਦੀ ਵੀ ਜ਼ਰੂਰਤ ਹੁੰਦੀ ਹੈ । ਸਮੇਂ ਦੇ ਹਾਣੀ ਹੋਣਾ ਵੀ ਬਹੁਤ ਵੱਡੀ ਗੱਲ ਹੈ ।
ਮੈਡਮ ਮਨਦੀਪ ਰਿੰਪੀ ਦੇ ਸਿੱਖਿਆ ਨਾਲ ਸਬੰਧਤ ਰਚਨਾਵਾਂ, ਕਹਾਣੀਆਂ, ਕਵਿਤਾਵਾਂ, ਰੇਡੀਓ ਪ੍ਰੋਗਰਾਮ, ਟੈਲੀਵਿਜ਼ਨ ਪ੍ਰੋਗਰਾਮ ਤੇ ਵੀਡੀਓਜ਼ ਬਹੁਤ ਰੌਚਿਕ, ਸਿੱਖਿਆਦਾਇਕ ਤੇ ਹਾਵਭਾਵ ਭਰਪੂਰ ਹੁੰਦੇ ਹਨ । ਮੈਡਮ ਮਨਦੀਪ ਰਿੰਪੀ ਕਈ ਸਾਹਿਤਕ ਸਭਾਵਾਂ ਨਾਲ ਵੀ ਜੁੜੇ ਹੋਏ ਹਨ ਤੇ ਸਾਹਿਤਕ ਖੇਤਰ ਵਿੱਚ ਵੀ ਸਮਰਪਿਤ ਹੋ ਕੇ ਭਾਗੀਦਾਰੀ ਦਰਜ ਕਰਵਾ ਰਹੇ ਹਨ । ਮੈਡਮ ਮਨਦੀਪ ਰਿੰਪੀ ਅਨੁਸਾਰ ਉਨ੍ਹਾਂ ਦੀ ਕਵਿਤਾਵਾਂ ਦੀ ਪਲੇਠੀ ਪੁਸਤਕ “ਜਦੋਂ ਤੂੰ ਚੁੱਪ ਸੀ ” ਪ੍ਰਕਾਸ਼ਨਾ ਅਧੀਨ ਹੈ ਅਤੇ ਜਲਦੀ ਹੀ ਪਾਠਕਾਂ ਦੇ ਸਨਮੁੱਖ ਹੋਵੇਗੀ । ਮੈਡਮ ਆਪਣੇ ਪਰਿਵਾਰ ਵਿੱਚ ਆਪਣੇ ਪਤੀ ਸ੍ਰੀ ਸੁਰਿੰਦਰਪਾਲ ਸਿੰਘ ਜੀ ਅਤੇ ਆਪਣੀ ਬੇਟੀ ਨਾਲ ਗ੍ਰਹਿਸਤ ਜੀਵਨ ਸੁਖੀ ਬਤੀਤ ਕਰ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਮੈਡਮ ਮਨਦੀਪ ਰਿੰਪੀ ਨੂੰ ਆਪਣਾ ਨਾਂ “ਰਿੰਪੀ ” ਬਹੁਤ ਪਸੰਦ ਹੈ , ਉਨ੍ਹਾਂ ਅਨੁਸਾਰ ਜਦੋਂ ਕੋਈ ਉਨ੍ਹਾਂ ਨੂੰ ” ਰਿੰਪੀ ” ਦੇ ਨਾਂ ਨਾਲ ਸੰਬੋਧਿਤ ਕਰਕੇ ਬੁਲਾਉਂਦਾ ਹੈ, ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ । ਅੱਜ ਮੈਡਮ ਮਨਦੀਪ ਰਿੰਪੀ ਸਮੁੱਚੇ ਅਧਿਆਪਕ ਵਰਗ, ਜ਼ਿਲ੍ਹੇ ਵਿੱਚ, ਵਿਦਿਆਰਥੀਆਂ, ਸਮਾਜ ਤੇ ਸਿੱਖਿਆ – ਖੇਤਰ ਵਿੱਚ ਇੱਕ ਉੱਘੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ । ਪ੍ਰਮਾਤਮਾ ਕਰੇ ! ਮੈਡਮ ਰਿੰਪੀ ਇਸੇ ਤਰ੍ਹਾਂ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਅਤੇ ਸਿੱਖਿਆ – ਜਗਤ ਵਿੱਚ ਹਮੇਸ਼ਾ ਚਮਕਦੇ ਰਹਿਣ ।