ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) -ਜੇ ਕੋਰੋਨਾ ਵਾਇਰਸ ਮਾਮਲੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਯੂ.ਕੇ ਵਿਚ ਵੀ ਸਪੇਨ ਵਾਂਗ ਮੁੜ ਤਾਲਾਬੰਦੀ ਹੋ ਸਕਦੀ ਹੈ | ਯੂ. ਕੇ. ਵਿਚ ਆਰ. ਰੇਟ ਵੱਧ ਕੇ 1.1 ਹੋ ਗਿਆ ਹੈ, ਜਿਸ ਕਰਕੇ ਸਰਕਾਰ ਸਖ਼ਤ ਰਾਸ਼ਟਰੀ ਤਾਲਾਬੰਦੀ ਕਰਨ ‘ਤੇ ਵਿਚਾਰ ਕਰ ਰਹੀ ਹੈ, ਇਸ ਗੱਲ ਦਾ ਖ਼ੁਲਾਸਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਕੀਤਾ ਗਿਆ ਹੈ |
ਭਾਵੇਂ ਕਿ ਸਰਕਾਰ ਨੇ ਹਾਲਾਤਾਂ ਅਨੁਸਾਰ ਸਥਾਨਕ ਅਥਾਰਿਟੀ ਨੂੰ ਤਾਲਾਬੰਦੀ ਕਰਨ ਦੇ ਵੱਧ ਅਧਿਕਾਰ ਦਿੱਤੇ ਹਨ, ਜਿਸ ਤਰ੍ਹਾਂ ਲੈਸਟਰ ਅਤੇ ਮਾਨਚੈਸਟਰ ਵਿਚ ਪਹਿਲਾਂ ਹੀ ਸਥਾਨਕ ਤਾਲਾਬੰਦੀ ਦੇ ਕਈ ਨਿਯਮ ਲਾਗੂ ਕੀਤੇ ਹੋਏ ਹਨ | ਓਲਡਹੈਮ, ਬਲੈਕਬਰਨ, ਪੈਂਡਲ ਅਤੇ ਲੰਕਾਸ਼ਾਇਰ ਦੇ ਲੋਕਾਂ ਨੂੰ ਲੰਘੀ ਅੱਧੀ ਰਾਤ ਤੋਂ ਇਕ ਦੂਜੇ ਦੇ ਘਰਾਂ ਵਿਚ ਜਾਣ ‘ਤੇ ਪਾਬੰਦੀ ਲਗਾਈ ਗਈ ਹੈ |
ਸਪੇਨ ਵਿਚ ਪ੍ਰਤੀ ਇਕ ਲੱਖ ਲੋਕਾਂ ਪਿੱਛੇ 145 ਪਾਜ਼ੀਟਿਵ ਕੇਸ ਹਨ | ਯੂਰਪੀਅਨ ਸੈਂਟਰ ਫ਼ਾਰ ਡਿਜ਼ੀਜ਼ ਪ੍ਰੀਵੈਨਸ਼ਨ ਐਾਡ ਕੰਟਰੋਲ ਅਨੁਸਾਰ ਇਹ ਯੂਰਪ ਵਿਚ ਸਭ ਤੋਂ ਵੱਧ ਹਨ ਅਤੇ ਯੂ. ਕੇ. ਇਸ ਪੱਧਰ ਨੂੰ ਸਪੇਨ ਤੋਂ ਹੇਠਾਂ ਰੱਖਣਾ ਚਾਹੁੰਦਾ ਹੈ | ਯੂ. ਕੇ. ਵਿਚ ਇਸ ਸਮੇਂ 1 ਲੱਖ ਆਬਾਦੀ ਪਿੱਛੇ 21.5 ਪਾਜ਼ੀਟਿਵ ਮਾਮਲੇ ਹਨ, ਯੂਰਪੀ ਸੰਘ ਏਜੰਸੀ ਅਨੁਸਾਰ ਯੂ. ਕੇ. ਦੀ ਦਰ ਦੂਜੇ ਸਥਾਨ ‘ਤੇ ਹੈ |
ਸਤੰਬਰ ਵਿਚ ਸਕੂਲ ਖੋਲ੍ਹੇ ਜਾਣ ਮੌਕੇ ਮਾਮਲੇ ਹੋਰ ਵੀ ਵਧਣ ਦਾ ਸ਼ੰਕਾ ਪ੍ਰਗਟਾਇਆ ਜਾ ਰਿਹਾ ਹੈ | ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਣ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਕਿ ਕਈ ਲੋਕਾਂ ਵਲੋਂ ਆਪਣੇ ਘਰਾਂ ਵਿਚ ਪਾਰਟੀਆਂ ਦੇ ਪ੍ਰਬੰਧ ਕੀਤੇ ਅਤੇ ਕਈ ਲੋਕ ਸਮੁੰਦਰੀ ਤੱਟਾਂ, ਖ਼ਰੀਦੋ ਫ਼ਰੋਖ਼ਤ ਕਰਨ ਅਤੇ ਜਨਤਕ ਥਾਵਾਂ ‘ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਵਾਲੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ |