ਸਾਲ ਦੇ ਆਖ਼ਰੀ ਮਹੀਨੇ ਆਖ਼ਰੀ ਮੋਰਚੇ ਉੱਤੇ ਹਾਰਾਂ ਦੇ ਠੱਪੇ ਨੂੰ ਧੋਂਹਦਿਆਂ ਪੀਬੀ ਸਿੰਧੂ ਨੇ ਸਾਲ ਦੇ ਅਖ਼ੀਰ ਵਿਚ ਵਿੱਚ ਵਿਸ਼ਵ ਟੂਰ ਫਾਈਨਲਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਭਾਰਤੀ ਬੈਡਮਿੰਟਨ ਦੇ ਸੁਨਹਿਰੀ ਭਵਿੱਖ ਦੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਇਸ ਸਾਲ ਟੂਰਨਾਮੈਂਟ ਦੀ ਨਵੀਂ ਤਰਤੀਬ ਜਾਰੀ ਕੀਤੀ ਹੈ। ਇਸ ਦੇ ਆਧਾਰ ਉੱਤੇ ਟੂਰਨਾਮੈਂਟਾਂ ਦੀ ਨਵੇਂ ਸਿਰੇ ਤੋਂ ਗਰੇਡਿੰਗ ਕੀਤੀ ਗਈ ਹੈ। ਸਿੰਧੂ ਨੇ ਸਾਰੇ ਵੱਡੇ ਟੂਰਨਾਮੈਂਟਾਂ ਵਿਚ ਚਾਂਦੀ ਦੇ ਤਗ਼ਮੇ ਜਿੱਤੇ ਹਨ ਅਤੇ ਫਾਈਨਲ ਵਿਚ ਹਾਰ ਜਾਣ ਕਰਕੇ ਉਸਦੀ ਆਲੋਚਨਾ ਵੀ ਹੁੰਦੀ ਰਹੀ ਹੈ। ਉਸਨੇ ਆਖ਼ੀਰ ਨੂੰ ਫਾਈਨਲ ਵਿਚ ਸੋਨ ਤਗ਼ਮਾ ਜਿੱਤ ਕੇ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ। ਉਸ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡ, ਵਿਸ਼ਵ ਚੈਂਪੀਅਨਸ਼ਿਪ, ਇੰਡੀਆ ਓਪਨ ਅਤੇ ਥਾਈਲੈਂਡ ਓਪਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਦੂਜੇ ਪਾਸੇ ਕਰੀਅਰ ਲਈ ਖਤਰਾ ਬਣੀ ਗੋਡੇ ਦੀ ਸੱਟ ਤੋਂ ਉਭਰ ਕੇ ਸਾਇਨਾ ਨੇਹਵਾਲ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਅਤੇ ਏਸ਼ਿਆਈ ਖੇਡਾਂ ਦੇ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।ਰਾਸ਼ਟਰ ਮੰਡਲ ਖੇਡਾਂ ਦੇ ਫਾਈਨਲ ਵਿਚ ਸਿੰਧੂ ਨੂੰ ਹਰਾ ਕੇ ਸਾਇਨਾ ਨੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਹੈ। ਉਹ ਇੰਡੋਨੇਸ਼ੀਆ ਮਾਸਟਰਜ਼, ਡੈਨਮਾਰਕ ਓਪਨ ਅਤੇ ਸਈਅਦ ਮੋਦੀ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਫਾਈਨਲ ਵਿਚ ਪੁੱਜੀ ਹੈ। ਇਸ ਤੋਂ ਇਲਾਵਾ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਾਲ ਦੇ ਅਖ਼ੀਰ ਵਿਚ ਸਾਇਨਾ ਨੇ ਆਪਣੇ ਸਾਥੀ ਖਿਡਾਰੀ ਪੀ ਕਸ਼ਯਪ ਨਾਲ ਵਿਆਹ ਬੰਧਨ ਵਿਚ ਬੱਝ ਕੇ ਗ੍ਰਹਿਸਤ ਮਾਰਗ ਵਿਚ ਪ੍ਰਵੇਸ਼ ਕਰ ਲਿਆ ਹੈ।
Sports ਸਾਲ 2018: ਭਾਰਤੀ ਬੈਡਮਿੰਟਨ ਖਿਡਾਰਨਾਂ ਸਿੰਧੂ ਅਤੇ ਸਾਇਨਾ ਵਿਸ਼ਵ ਪੱਧਰ ’ਤੇ ਚਮਕੀਆਂ