ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰੇ ਨਾਗਰਿਕਾਂ ਲਈ ਲਾਭ ਅਤੇ ਇਨਸਾਫ਼ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹੋ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦਾ ਆਧਾਰ ਹੈ। ਸੀਨੀਅਰ ਸਿਟੀਜ਼ਨਜ਼ ਅਤੇ ਦਿਵਿਆਂਗ ਵਿਅਕਤੀਆਂ ਨੂੰ ਉਪਕਰਣ ਵੰਡਣ ਲਈ ਲਾਏ ਗਏ ਮੈਗਾ ਕੈਂਪ ਦੌਰਾਨ ਸ੍ਰੀ ਮੋਦੀ ਨੇ ਸੰਸਕ੍ਰਿਤ ’ਚ ਸ਼ਲੋਕ ਵੀ ਪੜ੍ਹਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਦੇ 130 ਕਰੋੜ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ। ਸ੍ਰੀ ਮੋਦੀ ਨੇ ਕਿਹਾ,‘‘ਪਿਛਲੀਆਂ ਸਰਕਾਰਾਂ ਨੇ ਦਿਵਿਆਂਗ ਵਿਅਕਤੀਆਂ ਦਾ ਧਿਆਨ ਨਹੀਂ ਰੱਖਿਆ ਪਰ ਸਾਡੀ ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਿਚਾਰ ਕੇ ਰਾਹ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।’’ ਦਿਵਿਆਂਗਾਂ ਲਈ ਪਿਛਲੇ ਪੰਜ ਸਾਲਾਂ ਦੌਰਾਨ ਕਰੀਬ 9 ਹਜ਼ਾਰ ਕੈਂਪ ਲਗਾਏ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਦਿਵਿਆਂਗਾਂ ਨੂੰ 900 ਕਰੋੜ ਰੁਪਏ ਤੋਂ ਵਧ ਮੁੱਲ ਦਾ ਸਾਮਾਨ ਵੰਡਿਆ ਜਾ ਚੁੱਕਾ ਹੈ ਜੋ ਢਾਈ ਗੁਣਾ ਵਧ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਸਾਮਾਨ ਸਿਰਫ਼ ਦਿਵਿਆਂਗਾਂ ਦੇ ‘ਹੌਸਲੇ ਬੁਲੰਦ’ ਕਰਨ ’ਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ‘ਨਵੇਂ ਭਾਰਤ’ ਦੇ ਨਿਰਮਾਣ ’ਚ ਹਰੇਕ ਨੌਜਵਾਨ, ਬੱਚੇ ਅਤੇ ਦਿਵਿਆਂਗਾਂ ਦੀ ਭਾਈਵਾਲੀ ਜ਼ਰੂਰੀ ਹੈ। ਕੈਂਪ ਦੌਰਾਨ 26 ਹਜ਼ਾਰ ਲਾਭਪਾਤਰੀਆਂ ਨੂੰ 56 ਹਜ਼ਾਰ ਸਹਾਇਕ ਉਪਕਰਣ ਮੁਫ਼ਤ ’ਚ ਵੰਡੇ ਗਏ।
INDIA ਸਾਰਿਆਂ ਲਈ ਇਨਸਾਫ਼ ਸਰਕਾਰ ਦੀ ਪਹਿਲ: ਮੋਦੀ