ਸਾਰਾਗੜ੍ਹੀ ਫਾਉੂਂਡੇਸ਼ਨ ਨੇ ਅਕਸ਼ੈ ਕੁਮਾਰ ਨੂੰ ਬਣਾਇਆ ਗਲੋਬਲ ਅੰਬੈਸਡਰ

ਦੁਨੀਆਂ ਦੇ ਇਤਿਹਾਸ ਅੰਦਰ ਦਰਜ ਸੂਰਬੀਰਤਾ ਭਰੀਆਂ ਜੰਗਾਂ ਵਿੱਚੋਂ ਇੱਕ ਸਾਰਾਗੜ੍ਹੀ ਦੀ ਲੜਾਈ ਦੇ ਇਤਿਹਾਸ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਾਲੀ ਸੰਸਥਾ ਸਾਰਾਗੜ੍ਹੀ ਫਾਊਡੇਂਸ਼ਨ ਨੇ ਇਤਿਹਾਸਕ ਫ਼ੈਸਲਾ ਕਰਦਿਆਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਆਪਣੀ ਸੰਸਥਾ ਦਾ ਗਲੋਬਲ ਅੰਬੈਸਡਰ ਬਣਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫੌਜੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਡਾਇਰੈਕਟਰ ਅਨੁਰਾਗ ਸਿੰਘ ਵੱਲੋਂ ਬਣਾਈ ਗਈ ਫਿਲਮ ਕੇਸਰੀ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਰੋਲ ਕਰ ਰਹੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਨਿਭਾਈ ਬਿਹਤਰੀਨ ਭੂਮਿਕਾ ਨੂੰ ਮੁੱਖ ਰੱਖਦਿਆਂ ਚੇਅਰਮੈਨ ਗੁਰਇੰਦਰਪਾਲ ਸਿੰਘ ਜੋਸਨ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਅਕਸ਼ੈ ਕੁਮਾਰ ਨੂੰ ਸੰਸਥਾ ਦਾ ਗਲੋਬਲ ਅੰਬੈਸਡਰ ਐਲਾਨਿਆ।
ਸਾਰਾਗੜ੍ਹੀ ਜੰਗ ’ਤੇ ਬਣੀ ਫਿਲਮ ਕੇਸਰੀ ਦੀ ਪ੍ਰਮੋਸ਼ਨ ਲਈ ਪੰਜਾਬ ਪੁੱਜੇ ਅਕਸ਼ੈ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਕਸ਼ੈੇ ਕੁਮਾਰ ਨੇ ਇਸ ਮੌਕੇ ਕਿਹਾ ਕਿ ਜੋ ਵੱਡਾ ਮਾਣ-ਸਨਮਾਨ ਸਾਰਾਗੜ੍ਹੀ ਫਾਉੂਡੇਂਸ਼ਨ ਵੱਲੋਂ ਉਨ੍ਹਾਂ ਨੂੰ ਬਖਸ਼ਿਆ ਗਿਆ ਹੈ, ਇਸ ਲਈ ਉਹ ਜੱਥੇਬੰਦੀ ਦਾ ਰਿਣੀ ਰਹਿਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਾਰਾਗੜ੍ਹੀ ਫਾਉੂਂਡੇਸ਼ਨ ਵੱਲੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਅੰਦਰ ਉਹ ਉਚੇਚੇ ਤੌਰ ’ਤੇ ਆਪਣੀ ਹਾਜ਼ਰੀ ਭਰਨਗੇ ਅਤੇ ਦੁਨੀਆਂ ਦੇ ਲੋਕਾਂ ਨੂੰ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ ਮਹੱਤਤਾ ਨੂੰ ਦੱਸਣ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ। ਸਾਰਾਗੜ੍ਹੀ ਫਾਉੂਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਫ਼ਿਲਮ ਕੇਸਰੀ ਦੇ ਡਾਇਰੈਕਟਰ ਅਨੁਰਾਗ ਸਿੰਘ ਸਮੇਤ ਕਈ ਪਤਵੰਤੇ ਇਸ ਮੌਕੇ ਹਾਜ਼ਰ ਸਨ।

Previous articleਨਕਲੀ ਲੱਤ ਨਾਲ ਕਰਦਾ ਰਿਹਾ ‘ਅਸਲੀ ਮਾਲ’ ਦੀ ਤਸਕਰੀ
Next article31 ਮਾਰਚ ਨੂੰ ਲੋਕਾਂ ਦੇ ਰੂਬਰੂ ਹੋਵੇਗਾ ‘ਚੌਕੀਦਾਰ’