ਦਿੱਲੀ ਦੀ ਅਦਾਲਤ ਨੇ ਕਿਹਾ ਹੈ ਕਿ ਸੀਬੀਆਈ ਵੱਲੋਂ ਦਾਇਰ ਭ੍ਰਿਸ਼ਟਾਚਾਰ ਦੇ ਕੇਸ ’ਚ ਏਜੰਸੀ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਤਲਬ ਕਰਨ ਲਈ ਲੋੜੀਂਦੇ ਸਬੂਤ ਮੌਜੂਦ ਨਹੀਂ ਹਨ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕਿਹਾ ਕਿ ਅਸਥਾਨਾ ਬਾਰੇ ਕੋਈ ਅਜਿਹਾ ਠੋਸ ਸਬੂਤ ਨਹੀਂ ਹੈ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਜਾਵੇ। ਦੋਸ਼ ਪੱਤਰ ਦੇ 12ਵੇਂ ਕਾਲਮ ’ਚ ਅਸਥਾਨਾ ਦਾ ਜ਼ਿਕਰ ਹੈ। ਕਾਲਮ 12 ਦਾ ਮਤਲਬ ਹੈ ਕਿ ਇਕ ਵਿਅਕਤੀ ਨੂੰ ਮੁਲਜ਼ਮ ਬਣਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਅਦਾਲਤ ਨੇ ਸੀਬੀਆਈ ਦੇ ਡੀਐੱਸਪੀ ਦੇਵੇਂਦਰ ਕੁਮਾਰ ਬਾਰੇ ਵੀ ਅਜਿਹਾ ਹੀ ਕਿਹਾ ਹੈ। ਦੇਵੇਂਦਰ ਨੂੰ ਏਜੰਸੀ ਨੇ 2018 ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਮਗਰੋਂ ਅਧਿਕਾਰੀ ਨੂੰ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਦਾ ਨਾਂ ਵੀ ਚਾਰਜਸ਼ੀਟ ਦੇ ਕਾਲਮ 12 ਵਿਚ ਹੀ ਹੈ। ਅਦਾਲਤ ਨੇ ਹਾਲਾਂਕਿ ‘ਵਿਚੋਲਗੀ’ ਕਰਨ ਵਾਲੇ ਮਨੋਜ ਪ੍ਰਸਾਦ ਨੂੰ ਤਲਬ ਕਰ ਲਿਆ ਹੈ। ਉਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪ੍ਰਸਾਦ ਦੇ ਭਰਾ ਸੋਮੇਸ਼ਵਰ ਸ੍ਰੀਵਾਸਤਵ ਤੇ ਇਕ ਹੋਰ ਰਿਸ਼ਤੇਦਾਰ ਸੁਨੀਲ ਮਿੱਤਲ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਖ਼ਿਲਾਫ਼ ਲੋੜੀਂਦੇ ਸਬੂਤ ਮੌਜੂਦ ਹਨ। ਪ੍ਰਸਾਦ, ਸ੍ਰੀਵਾਸਤਵ ਤੇ ਮਿੱਤਲ ਨੂੰ 13 ਅਪਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਜੱਜ ਨੇ ਕਿਹਾ ਕਿ ਜੇ ਸੀਬੀਆਈ ਨੂੰ ਅਗਾਂਹ ਜਾਂਚ ਦੌਰਾਨ ਅਸਥਾਨਾ ਖ਼ਿਲਾਫ਼ ਕੁਝ ਠੋਸ ਨਜ਼ਰ ਆਉਂਦਾ ਹੈ ਤਾਂ ਏਜੰਸੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸੀਬੀਆਈ ਦੇ ਇਕ ਸਾਬਕਾ ਜਾਂਚ ਅਧਿਕਾਰੀ ਨੇ ਅਦਾਲਤ ’ਚ ਕਿਹਾ ਸੀ ਕਿ ਅਸਥਾਨਾ ਖ਼ਿਲਾਫ਼ ‘ਲੋੜੀਂਦੇ ਸਬੂਤ’ ਹਨ। ਇਹ ਕੇਸ ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਨਾਲ ਜੁੜਿਆ ਹੋਇਆ ਹੈ। 2017 ਦੇ ਮਨੀ ਲਾਂਡਰਿੰਗ ਦੇ ਇਸ ਕੇਸ ’ਚ ਦੇਵੇਂਦਰ ਜਾਂਚ ਅਫ਼ਸਰ ਸੀ। ਇਸੇ ਮਾਮਲੇ ’ਚ ਗ੍ਰਿਫ਼ਤਾਰ ਕਾਰੋਬਾਰੀ ਸਤੀਸ਼ ਸਨਾ ਨੇ ਸੀਬੀਆਈ ਅਤੇ ‘ਰਾਅ’ ਅਧਿਕਾਰੀਆਂ ਨਾਲ ਸਬੰਧ ਕਬੂਲੇ ਸਨ।
HOME ਸਾਬਕਾ ਸੀਬੀਆਈ ਡਾਇਰੈਕਟਰ ਅਸਥਾਨਾ ਨੂੰ ਤਲਬ ਨਹੀਂ ਕਰੇਗੀ ਅਦਾਲਤ