ਬਟਾਲਾ : ਥਾਣਾ ਕੋਟਲੀ ਸੂਰਤ ਮੱਲੀ ਦੇ ਅਧੀਨ ਆਉਂਦੇ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਪਿੰਡ ਢਿੱਲਵਾਂ ਨੇ ਬਟਾਲਾ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਦੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਬਟਾਲਾ ਪੁਲਿਸ ਵੱਲੋਂ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਕੋਲੋਂ ਕਤਲ ਦੀ ਵਾਰਦਾਤ ਨਾਲ ਸਬੰਧਤ ਅਹਿਮ ਖੁਲਾਸੇ ਹਾਸਲ ਕੀਤੇ ਜਾ ਸਕਣ।
ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ 18 ਨਵੰਬਰ 2019 ਨੂੰ ਦਲਬੀਰ ਸਿੰਘ ਢਿੱਲਵਾਂ ਦੇ ਹੋਏ ਕਤਲ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਏ ਮੁਲਜ਼ਮਾਂ ‘ਚੋਂ ਅੰਮਿ੍ਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਦਾਲਮ ਨੰਗਲ, ਥਾਣਾ ਕਿਲ੍ਹਾ ਲਾਲ ਸਿੰਘ ਨੂੰ 25 ਨਵੰਬਰ 2019 ਨੂੰ ਮਹਾਂਰਾਸ਼ਟਰ ‘ਚੋਂ ਗਿ੍ਫ਼ਤਾਰ ਕੀਤਾ ਗਿਆ ਸੀ ਜਦਕਿ ਇਸੇ ਮਹੀਨੇ 5 ਦਸੰਬਰ 2019 ਨੂੰ ਇੱਕ ਹੋਰ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਘਰਾਲਾ, ਥਾਣਾ ਅਜਨਾਲਾ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ।