ਸਾਬਕਾ ਵਿੱਤ ਮੰਤਰੀ ਦੇ ਸ਼ਕਤੀ ਪ੍ਰਦਰਸ਼ਨ ਨੇ ਉਡਾਰੀਆਂ ਸਰਕਾਰ ਦੇ ਕਰਫਿਊ ਦੀਆਂ ਧੱਜੀਆਂ

ਕਰਫਿਊ ਤੇ ਧਾਰਾ 144 ਦੀ ਉਲੰਘਣਾ ਕਰਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਵਲੋਂ ਭਾਰੀ ਗਿਣਤੀ ਚ ਇਕੱਠੇ ਕੀਤੇ ਪਾਰਟੀ ਵਰਕਰਾਂ ਦਾ ਦ੍ਰਿਸ਼

ਅਕਾਲੀ ਵਰਕਰਾਂ ਦਾ ਭਾਰੀ ਇਕੱਠ ਕਰ  ਹਾਈਕਮਾਂਡ ਵੱਲੋਂ ਟਿਕਟ ਲਈ ਮਿਲੀ ਹਰੀ ਝੰਡੀ ਦਾ ਕੀਤਾ ਐਲਾਨ

ਟਕਸਾਲੀ ਤੇ ਸੀਨੀਅਰ ਅਕਾਲੀ ਆਗੂ ਸ਼ਕਤੀ ਪ੍ਰਦਰਸ਼ਨ ਵਿੱਚ ਰਹੇ ਗੈਰ ਹਾਜਰ 

ਸੁਖਦੇਵ ਸਿੰਘ ਨਾਨਕਪੁਰ ਧੜਾ ਤੇ ਸੱਜਣ ਸਿੰਘ ਚੀਮਾ ਧੜਾ ਵੀ ਕਰ ਚੁੱਕਾ ਹੈ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ

ਹੁਸੈਨਪੁਰ , 29 ਅਗਸਤ (ਕੌੜਾ) (ਸਮਾਜ ਵੀਕਲੀ) : ਸਾਬਕਾ ਵਿੱਤ ਮੰਤਰੀ ਪੰਜਾਬ ਬੀਬੀ ਉਪਿੰਦਰਜੀਤ ਕੌਰ ਵਲੋਂ ਸ਼ਨੀਵਾਰ ਨੂੰ ਕਰਫਿਊ , ਧਾਰਾ 144 ਤੇ ਸਮਾਜਿਕ ਦੂਰੀ ਦੇ ਆਦੇਸ਼ਾਂ ਆਦਿ ਸਰਕਾਰੀ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹਾਲ ਚ ਸੈਕੜੇ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਕੀਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋ ਜਾਰੀ ਪਾਬੰਦੀਆਂ ਦੇ ਆਦੇਸ਼ਾਂ ਨੂੰ ਟਿੱਚ ਜਾਣਿਆ ਗਿਆ ।

ਬੀਬੀ ਵਲੋ ਪਾਰਟੀ ਵਰਕਰਾਂ ਦਾ ਇਕੱਠ ਕਰਕੇ ਦਾਅਵਾ ਕੀਤਾ ਗਿਆ ਕਿ ਅਕਾਲੀ ਦਲ ਹਾਈ ਕਮਾਂਡ ਵਲੋ ਮੈਨੂੰ ਹੀ ਹਲਕਾ ਸੁਲਤਾਨਪੁਰਲ਼ੋਧੀ ਤੋਂ 2022 ਦੀ ਪੰਜਾਬ ਵਿਧਾਨ ਸਭਾ ਚੋਣ ਲਈ ਹੁਣ ਤੋਂ ਹੀ ਉਮੀਦਵਾਰ ਬਣਾਇਆ ਗਿਆ ਹੈ ਜਿਸਲਈ ਮੈਨੂੰ ਪਾਰਟੀ ਪ੍ਰਧਾਨ ਨੇ ਗਰੀਨ ਸਿਗਨਲ ਦੇ ਦਿੱਤਾ ਹੈ ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ  ਜੋ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਮਝਦੇ ਜਾਂਦੇ ਹਨ  ਅਤੇ ਆਮ ਆਦਮੀ ਪਾਰਟੀ ਵਿਚੋਂ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੱਜਣ ਸਿੰਘ ਚੀਮਾ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਨੇੜੇ ਦੇ ਸਾਥੀ ਸਮਝੇ ਜਾਂਦੇ ਹਨ ਵੀ ਹਾਈਕਮਾਂਡ ਵੱਲੋਂ ਟਿਕਟ ਦੀ ਹਰੀ ਝੰਡੀ ਦੀ ਗੱਲ ਆਖ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਚੁੱਕੇ ਹਨ। ਜਿਸ ਨਾਲ ਜਿੱਥੇ ਪਾਰਟੀ ਵਿੱਚ ਧੜੇਬੰਦੀ ਉਭੱਰ ਕੇ ਸਾਹਮਣੇ ਆ ਰਹੀ ਹੈ । ਉਥੇ ਹੀ ਕਈ ਟਕਸਾਲੀ ਤੇ ਸੀਨੀਅਰ ਅਕਾਲੀ ਆਗੂ ਡਾ ਉਪਿੰਦਰਜੀਤ ਕੌਰ ਦੇ ਇਸ ਸ਼ਕਤੀ ਪ੍ਰਦਰਸ਼ਨ ਵਿੱਚ ਗੈਰ ਹਾਜਰ ਪਾਏ ਗਏ।

ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਵਲੋਂ ਸ਼ਨੀਵਾਰ ਦੇ ਦਿਨ ਧਾਰਾ 144 ਦੀ ਉਲੰਘਣਾ ਕਰਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਟਿੰਗ ਹਾਲ ਚ ਵਰਕਰਾਂ ਦਾ ਵੱਡਾ ਇਕੱਠ ਕਰਨਾ ਕੋਰੋਨਾ ਨੂੰ ਜਾਣਬੁੱਝ ਕੇ ਦਾਅਵਤ ਦੇਣ ਵਾਲੀ ਗੱਲ ਹੈ ਜਦਕਿ ਸੁਲਤਾਨਪੁਰ ਲੋਧੀ ਵਿੱਚ ਵੀ ਕੋਰੋਨਾ ਦੇ ਰੋਜਾਨਾ ਕਈ ਕੇਸ ਸਾਹਮਣੇ ਆ ਚੁੱਕੇ ਹਨ । ਇੱਥੇ ਇਹ ਵਰਣਨਯੋਗ ਹੈ ਕਿ ਸੂਬੇ ਚ ਵੱਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਚ ਸ਼ਨੀਵਾਰ ਤੇ ਐਤਵਾਰ ਪੂਰੀ ਤਰ੍ਹਾਂ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਹੋਏ ਹਨ

ਅਤੇ ਲਾਕਡਾਊਨ ਦੀਆਂ ਨਵੀਆਂ ਪਾਬੰਦੀਆਂ ਲਗਾਉਦੇ ਹੋਏ ਧਾਰਾ 144 ਲਾਗੂ ਕਰਨ ਦੇ ਸਖਤ ਅਾਦੇਸ਼ ਦਿੰਦੇ ਹੋਏ 5 ਤੋਂ ਜਿਆਦਾ ਵਿਅਕਤੀਆਂ ਦੇ ਇਕੱਠ ਕਰਨ ਤੇ ਰੋਕ ਲਗਾਈ ਸੀ ਅਤੇ ਇਹ ਆਦੇਸ਼ 31 ਅਗਸਤ ਤੱਕ ਹਨ ਪ੍ਰੰਤੂ ਅਕਾਲੀ ਦਲ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਬਜੁਰਗ ਸਾਬਕਾ ਮੰਤਰੀ ਵਲੋਂ ਹੀ ਇਹਨਾਂ ਪਾਬੰਦੀਆਂ ਦੀ ਸ਼ਰੇਆਮ ਉਲੰਘਣਾ ਕੀਤੀ ਜਾਣਾ ਹੈਰਾਨੀਜਨਕ ਮਾਮਲਾ ਹੈ ।ਇਸਤੋਂ ਵੀ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਬੀਬੀ ਵਲੋ ਗੁਰਦੁਆਰਾ ਬੇਰ ਸਾਹਿਬ ਵਿਖੇ ਕੀਤੀ ਗਈ ਇਸ ਵੱਡੀ ਮੀਟਿੰਗ ਬਾਰੇ ਪੁਲਿਸ ਦੇ ਖੁਫੀਆ ਵਿਭਾਗ ਨੂੰ ਪੂਰੀ ਜਾਣਕਾਰੀ ਸੀ ਪਰ ਇਸਦੇ ਬਾਵਜੂਦ ਵੀ ਸਥਾਨਕ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਕੇ ਖਾਮੋਸ਼ ਬੈਠਾ ਹੈ , ਜਿਸ ਕਾਰਨ ਆਮ ਜਨਤਾ ਚ ਕਈ ਪ੍ਰਕਾਰ ਦੀ ਚਰਚਾ ਹੋ ਰਹੀ ਹੈ ।

ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਪਿਛਲੇ ਦਿਨੀ ਕੋਰੋਨਾ ਤੋਂ ਬਚਾਓ ਲਈ ਜਾਰੀ ਆਦੇਸ਼ਾਂ ਅਨੁਸਾਰ ਕੋਰੋਨਾ ਮਹਾਂਮਾਰੀ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਧਰਨਿਆਂ ਸਮੇਤ ਹੋਰ ਸਭਾਵਾਂ ਤੋਂ ਬਚਣ ਲਈ ਅਪੀਲ ਕੀਤੀ ਗਈ ਹੈ ਅਤੇ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਧਾਰਾ 144 ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ । ਸਾਬਕਾ ਕੈਬਨਿਟ ਮੰਤਰੀ ਬੀਬੀ ਵਲੋਂ ਗੁਰਦੁਆਰਾ ਬੇਰ ਸਾਹਿਬ ਚ ਕੀਤੀ ਗੲੀ ਮੀਟਿੰਗ ਚ ਜਿੱਥੇ ਸਮਾਜਿਕ ਦੂਰੀ ਦੇ ਆਦੇਸ਼ਾਂ ਦੀ ਉਲੰਘਣਾ ਵੀ ਕੀਤੀ ਗਈ ਹੈ ਉੱਥੇ ਬਹੁਤੇ ਵਰਕਰਾਂ  ਮਾਸਕ ਵੀ ਨਹੀ ਸਨ ਪਾਏ ਗਏ ।ਵਰਣਨਯੋਗ ਹੈ ਕਿ ਬੀਬੀ ਉਪਿੰਦਰਜੀਤ ਕੌਰ ਨੂੰ ਕਾਂਗਰਸ ਪਾਰਟੀ ਦੇ ਨੌਜਵਾਨ ਤੇ ਤੇਜ ਤਰਾਰ ਆਗੂ ਵਿਧਾਇਕ ਨਵਤੇਜ ਸਿੰਘ ਚੀਮਾ ਦੋ ਵਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਹਰਾ ਚੁੱਕੇ ਹਨ ।