ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ): ਮੁਕਤਸਰ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਮਰਾਹੜ ਦਾ ਕਰੋਨਾਵਾਇਰਸ ਕਾਰਨ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਪੰਜ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ’ਚ ਦਾਖ਼ਲ ਸਨ। ਸ੍ਰੀ ਮਰਾਹੜ ਦੇ ਪੁੱਤਰ ਅਤੇ ਪੁਲੀਸ ਅਧਿਕਾਰੀ ਰਾਜਬਲਵਿੰਦਰ ਸਿੰਘ ਮਰਾਹੜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅਚਾਨਕ ਬੁਖਾਰ ਤੇ ਸਾਹ ਲੈਣ ਦੀ ਤਕਲੀਫ਼ ਹੋ ਗਈ ਸੀ ਜਿਸ ਮਗਰੋਂ ਟੈਸਟ ਕਰਾਉਣ ’ਤੇ ਉਨ੍ਹਾਂ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸ੍ਰੀ ਮਰਾਹੜ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਰਾਹੜ ਕਲਾਂ (ਮੁਕਤਸਰ) ’ਚ ਭਲਕੇ ਸਵੇਰੇ 11 ਵਜੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਕਰੋਨਾ ਨੇਮਾਂ ਦੀ ਪਾਲਣਾ ਕਰਦਿਆਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੁਖਦਰਸ਼ਨ ਸਿੰਘ ਮਰਾਹੜ ਆਪਣੇ 79 ਸਾਲ ਦੇ ਸਫ਼ਰ ਦੌਰਾਨ ਸਰਪੰਚੀ ਤੋਂ ਲੈ ਕੇ ਬੈਂਕਾਂ ਦੇ ਕੌਮੀ ਅਹੁਦੇ ਤੱਕ ਤਾਇਨਾਤ ਰਹੇ। ਉਹ ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਹਰਾਇਆ ਸੀ।
ਉਹ ਨੈਸ਼ਨਲ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਲਿਮਿਟਡ ਮੁੰਬਈ, ਪੰਜਾਬ ਸਟੇਟ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਚੰਡੀਗੜ੍ਹ, ਦਿ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮੁਕਤਸਰ ਅਤੇ ਮਾਰਕਿਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਵੀ ਰਹੇ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਮੈਂਬਰਾਂ ਤੇ ਅਧਿਕਾਰੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।