ਨਵੀਂ ਦਿੱਲੀ (ਸਮਾਜ ਵੀਕਲੀ): ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਭਾਰਤ ਦੇ ਸਭ ਤੋਂ ਵੱਧ ਦਿਮਾਗੀ ਸਿਆਸਤਦਾਨਾਂ ਵਿਚੋਂ ਇਕ ਸਨ ਤੇ ਪਾਰਟੀਆਂ ਦੇ ਵਖ਼ਰੇਵਿਆਂ ਤੋਂ ਉੱਪਰ ਉੱਠ ਸਤਿਕਾਰੇ ਗਏ। 21 ਦਿਨ ਵੱਖ-ਵੱਖ ਬੀਮਾਰੀਆਂ ਨਾਲ ਜੂਝਣ ਮਗਰੋਂ ਅੱਜ ਉਨ੍ਹਾਂ ਸਾਹ ਤਿਆਗ ਦਿੱਤੇ। ਸ੍ਰੀ ਮੁਖਰਜੀ 10 ਅਗਸਤ ਤੋਂ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ, ਦਿੱਲੀ ’ਚ ਦਾਖਲ ਹਨ ਜਿੱਥੇ ਉਨ੍ਹਾਂ ਦੇ ਦਿਮਾਗ ’ਚ ਖੂਨ ਦੇ ਥੱਕੇ ਦਾ ਅਪਰੇਸ਼ਨ ਹੋਇਆ ਸੀ।
ਉਹ ਕਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਫੇਫੜਿਆਂ ਦੀ ਲਾਗ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿਚ ਇਕ ਧੀ ਤੇ ਦੋ ਪੁੱਤਰ ਹਨ। ਲੰਮਾ ਸਮਾਂ ਕਾਂਗਰਸ ਨਾਲ ਜੁੜੇ ਰਹੇ ਮੁਖਰਜੀ ਸੱਤ ਵਾਰ ਸੰਸਦ ਮੈਂਬਰ ਰਹੇ। ਉਨ੍ਹਾਂ ਦੀ ਹਾਲਤ ਲਗਾਤਾਰ ਨਿੱਘਰ ਰਹੀ ਸੀ ਅਤੇ ਫੇਫ਼ੜਿਆਂ ਦੀ ਲਾਗ ਕਾਰਨ ਉਨ੍ਹਾਂ ਨੂੰ ‘ਸੈਪਟਿਕ ਸ਼ਾਕ’ (ਖੂਨ ਜ਼ਹਿਰੀਲਾ ਕਰਨ ਵਾਲਾ ਝਟਕਾ) ਲੱਗਾ ਸੀ। ਉਹ ਕੋਮਾ ਵਿੱਚ ਸਨ ਤੇ ਉਨ੍ਹਾਂ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ ਸੀ। ਡਾਕਟਰਾਂ ਮੁਤਾਬਕ ਮੁਖਰਜੀ ਦਾ ਦੇਹਾਂਤ ਕਰੀਬ 4.30 ਵਜੇ ਦਿਲ ਦਾ ਦੌਰਾ ਪੈਣ ਨਾਲ ਹੋਇਆ।
ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਸਭ ਤੋਂ ਪਹਿਲਾਂ ਪਿਤਾ ਦੀ ਮੌਤ ਬਾਰੇ ਸੂਚਨਾ ਦਿੱਤੀ। ਭਾਰਤ ਦੇ 13ਵੇਂ ਰਾਸ਼ਟਰਪਤੀ ਰਹੇ (2012-2017) ਮੁਖਰਜੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮੁਖਰਜੀ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਖਰਜੀ ਲੋਕ ਮਨਾਂ ਵਿਚ ਵੱਡੀ ਹਸਤੀ ਸਨ। ਉਨ੍ਹਾਂ ਦੇਸ਼ ਦੀ ਨਿੱਠ ਕੇ ਸੇਵਾ ਕੀਤੀ। ਰਾਸ਼ਟਰਪਤੀ ਨੇ ਟਵੀਟ ਰਾਹੀਂ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀ ਮੁਖਰਜੀ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।