ਸਾਬਕਾ ਪ੍ਰਧਾਨ ਮੰਤਰੀ ਖ਼ਾਕਾਨ ਅੱਬਾਸੀ ਗ੍ਰਿਫ਼ਤਾਰ

ਪਾਕਿਸਤਾਨ ’ਚ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਅਰਬਾਂ ਰੁਪਏ ਦੀ ਤਰਲ ਕੁਦਰਤੀ ਗੈਸ (ਐੱਲਐੱਨਜੀ) ਦੀ ਦਰਾਮਦ ਦਾ ਠੇਕਾ ਦੇਣ ਨਾਲ ਸਬੰਧਤ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਇੱਕ ਟੀਮ ਨੇ ਲਾਹੌਰ ਦੇ ਠੋਕਰ ਨਿਆਜ਼ ਬੇਗ ’ਚ ਅੱਬਾਸੀ ਦੀ ਕਾਰ ਰੋਕੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅੱਬਾਸੀ ਨੇ ਪਹਿਲਾਂ ਆਪਣੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਪਰ ਬਾਅਦ ਵਿੱਚ ਉਹ ਟੀਮ ਨਾਲ ਚਲੇ ਗਏ। ਅੱਬਾਸੀ ਅਗਸਤ 2017 ਤੋਂ ਮਈ 2018 ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ। ਉਹ ਇਸਲਾਮਾਬਾਦ ਤੋਂ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਆਏ ਪਰ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਐੱਨਏਬੀ ਕਤਰ ਤੋਂ ਐੱਲਐੱਨਜੀ ਦਰਾਮਦ ਕੀਤੇ ਜਾਣ ਨਾਲ ਸਬੰਧਤ ਇੱਕ ਠੇਕੇ ਦੀ ਵੰਡ ’ਚ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਿਹਾ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਅੱਬਾਸੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਰਕਾਰ ’ਚ ਪੈਟਰੋਲੀਅਮ ਤੇ ਕੁਦਰਤੀ ਸਰੋਤ ਮੰਤਰੀ ਸਨ। ਅੱਬਾਸੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਹ ਅਦਾਲਤ ’ਚ ਆਪਣੀ ਬੇਗੁਨਾਹੀ ਸਾਬਤ ਕਰਨਗੇ। ਐੱਨਏਬੀ ਵੱਲੋਂ ਅੱਬਾਸੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤਾਂ ਜੋ ਜਾਂਚ ਅੱਗੇ ਵਧਾਈ ਜਾ ਸਕੇ। ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਉਹ ਇਸ ਦੀ ਨਿੰਦਾ ਕਰਦੇ ਹਨ ਕਿਉਂਕਿ ਇਮਰਾਨ ਖਾਨ ਸਾਰੇ ਵਿਰੋਧੀ ਆਗੂਆਂ ਨੂੰ ਜੇਲ੍ਹ ’ਚ ਡੱਕਣਾ ਚਾਹੁੰਦੇ ਹਨ।

Previous articleਬਜਟ ਪ੍ਰਸਤਾਵਾਂ ਦਾ ਮਕਸਦ ਜੀਵਨ ਪੱਧਰ ਨੂੰ ਉੱਚਾ ਚੁੱਕਣਾ: ਸੀਤਾਰਾਮਨ
Next articleਏਅਰ ਇੰਡੀਆ ਦੀ ਹਿੱਸੇਦਾਰੀ ਵੇਚਣ ਲਈ ਮੰਤਰੀਆਂ ਦੇ ਪੈਨਲ ਦੀ ਅਗਵਾਈ ਕਰਨਗੇ ਸ਼ਾਹ