ਮੋਗਾ ਦੇ ਸਾਬਕਾ ਐੈੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਨੇ ਅੱਜ ਉਸ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 24 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਦੋਸ਼ੀ ਠਹਿਰਾਏ ਗਏ ਚਰਨਜੀਤ ਸ਼ਰਮਾ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ ਐੱਸ.ਆਈ.ਟੀ ਨੇ 29 ਜਨਵਰੀ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਕਮਿਸ਼ਨ ਸਾਹਮਣੇ ਪੇਸ਼ ਹੁੰਦੇ, ਸ੍ਰੀ ਸ਼ਰਮਾ ਨੂੰ ਅੱਜ ਉਨ੍ਹਾਂ ਦੀ ਯੋਧਾ ਮੱਲ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਛਾਪਾ ਮਾਰਨ ਆਈ ਟੀਮ ਦੀ ਅਗਵਾਈ ਡੀ.ਐੱਸ.ਪੀ ਪੱਧਰ ਦਾ ਅਧਿਕਾਰੀ ਕਰ ਰਿਹਾ ਸੀ। ਸੀ.ਸੀ.ਟੀ.ਵੀ ਫੁਟੇਜ ਅਤੇ ਹੋਰਨਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਪਗ 25-30 ਪੁਲੀਸ ਮੁਲਾਜ਼ਮ ਜਿਨ੍ਹਾਂ ਵਿਚੋਂ ਕੁੱਝ ਵਰਦੀਧਾਰੀ ਅਤੇ ਕੁੱਝ ਸਿਵਲ ਕੱਪੜਿਆਂ ਵਿਚ ਸਨ, ਨੇ ਸਵੇਰੇ ਲਗਪਗ ਸਵਾ 4 ਵਜੇ ਸ਼ਰਮਾ ਦੇ ਘਰ ਨੂੰ ਘੇਰਾ ਪਾ ਲਿਆ ਅਤੇ 15-20 ਮਿੰਟ ਦੇ ਅੰਦਰ-ਅੰਦਰ ਸਾਬਕਾ ਐੱਸਐੱਸਪੀ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਸਥਾਨਕ ਪੁਲੀਸ ਨੂੰ ਵੀ ਐੱਸ.ਆਈ.ਟੀ ਦੀ ਕਾਰਵਾਈ ਦੀ ਜਾਣਕਾਰੀ ਬਾਅਦ ਵਿਚ ਮਿਲੀ। ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਐੱਸਆਈਟੀ ਵਲੋਂ ਬਾਅਦ ਵਿਚ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸ੍ਰੀ ਸ਼ਰਮਾ ਦੇ ਬੇਟੇ ਅਤਿੰਦਰਪਾਲ ਨੇ ਰੋਸ ਪ੍ਰਗਟਾਇਆ ਕਿ ਜਦੋਂ ਉਸ ਦੇ ਪਿਤਾ ਨੇ 29 ਜਨਵਰੀ ਨੂੰ ਐੱਸ.ਆਈ.ਟੀ ਸਾਹਮਣੇ ਪੇਸ਼ ਹੋਣ ਦੀ ਹਾਮੀ ਭਰ ਦਿੱਤੀ ਸੀ ਤਾਂ ਫਿਰ ਉਨ੍ਹਾਂ ਨੂੰ ਇਸ ਢੰਗ ਨਾਲ ਗ੍ਰਿਫ਼ਤਾਰ ਕਿਉਂ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿਚ ਬਹਿਬਲ ਕਲਾਂ ਵਿਚ ਹੋਈ ਪੁਲੀਸ ਫਾਇਰਿੰਗ ਵਿਚ ਦੋ ਧਰਨਾਕਾਰੀਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
INDIA ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਗ੍ਰਿਫ਼ਤਾਰ