ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਕਾਰੋਬਾਰੀ ਵੱਲੋਂ ਦਿਓਰੀਆ ਜੇਲ੍ਹ ਵਿਚ ਬੰਦ ਗੈਂਗਸਟਰ ਅਤੀਕ ਅਹਿਮਦ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਅਗਵਾ ਕਰਨ ਤੇ ਉਸ ਦੀ ਕੁੱਟਮਾਰ ਸਬੰਧੀ ਮਾਮਲੇ ਦੇ ਖੁਲਾਸੇ ਮਗਰੋਂ ਅਹਿਮਦ ਨੂੰ ਉੱਚ ਸੁਰੱਖਿਆ ਵਾਲੀ ਬਰੇਲੀ ਜੇਲ੍ਹ ਤਬਦੀਲ ਕਰ ਦਿੱਤਾ ਹੈ। ਦਿਓਰੀਆ ਜੇਲ੍ਹ ਦੇ ਸੁਪਰਡੈਂਟ ਦਿਲੀਪ ਕੁਮਾਰ ਪਾਂਡੇ ਅਤੇ ਜੇਲ੍ਹਰ ਮੁਕੇਸ਼ ਕੁਮਾਰ ਕਟੀਆਰ ਖਿਲਾਫ਼ ਅਨੁਸ਼ਾਸਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਵਿਭਾਗ ਮੁਤਾਬਕ ਡਿਪਟੀ ਜੇਲ੍ਹਰ ਦੇਵ ਨਾਥ ਯਾਦਵ, ਹੈੱਡ ਵਾਰਡਰ ਮੁੰਨਾ ਪਾਂਡੇ ਅਤੇ ਵਾਰਡਰ ਰਾਕੇਸ਼ ਕੁਮਾਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇੱਥੋਂ ਦੇ ਇੱਕ ਕਾਰੋਬਾਰੀ ਮੋਹਿਤ ਜੈਸਵਾਲ ਨੇ ਦੋਸ਼ ਲਾਇਆ ਸੀ ਕਿ ਪਿਛਲੇ ਹਫ਼ਤੇ ਉਸ ਨੁੂੰ ਸ਼ਹਿਰ ਤੋਂ ਅਗਵਾ ਕਰ ਕੇ ਲਗਪਗ 300 ਕਿਲੋਮੀਟਰ ਦੂਰ ਦਿਓਰੀਆ ਜੇਲ੍ਹ ਲਿਜਾਇਆ ਗਿਆ ਜਿੱਥੇ ਬੰਦ ਗੈਂਗਸਟਰ ਅਤੀਕ ਅਹਿਮਦ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਉਸ ਦੀ 40 ਕਰੋੜ ਰੁਪਏ ਦੀ ਜਾਇਦਾਦ ਨਾਂ ’ਤੇ ਲਵਾਉਣ ਲਈ ਦਸਤਖਤ ਕਰਨ ਵਾਸਤੇ ਮਜਬੂਰ ਕੀਤਾ। ਕ੍ਰਿਸ਼ਨਾਨਗਰ ਪੁਲੀਸ ਸਟੇਸ਼ਨ ਵਿਚ ਇਸ ਮਾਮਲੇ ਬਾਰੇ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਚਾਰ ਮੁਲਜ਼ਮਾਂ ਵਿਚੋਂ ਦੋ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਪਣੀ ਐੱਫਆਈਆਰ ਵਿਚ ਕਾਰੋਬਾਰੀ ਜੈਸਵਾਲ ਨੇ ਅਹਿਮਦ, ਉਸ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਫਾਰੂਕ, ਜਾਕੀ ਅਹਿਮਦ, ਜਫਰ ਉੱਲਾਹ, ਗੁਲਾਮ ਸਰਵਰ ਅਤੇ 10 ਤੋਂ 12 ਅਣਪਛਾਤੇ ਵਿਅਕਤੀਆਂ ਉੱਤੇ ਅਗਵਾ ਤੇ ਕੁੱਟਮਾਰ ਤੋਂ ਇਲਾਵਾ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ।
INDIA ਸਾਬਕਾ ਐੱਮਪੀ ਅਤੀਕ ਅਹਿਮਦ ਬਰੇਲੀ ਜੇਲ੍ਹ ਤਬਦੀਲ