ਮੈਲਬਰਨ- ਮਾਂ ਬਣਨ ਮਗਰੋਂ ਟੈਨਿਸ ਕੋਰਟ ’ਤੇ ਪਰਤੀ ਭਾਰਤੀ ਸਟਾਰ ਸਾਨੀਆ ਮਿਰਜ਼ਾ ਅੱਜ ਆਸਟਰੇਲੀਅਨ ਓਪਨ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ। ਉਹ ਯੂਕਰੇਨ ਦੀ ਨਾਦੀਆ ਕਿਚਨੋਕ ਨਾਲ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਸ਼ੁਰੂਆਤੀ ਗੇੜ ਵਿੱਚ ਉਤਰੀ ਸੀ, ਪਰ ਸੱਟ ਕਾਰਨ ਭਾਰਤੀ ਖਿਡਾਰਨ ਨੂੰ ਮੈਚ ਵਿਚਾਲੇ ਛੱਡਣਾ ਪਿਆ। ਸਾਨੀਆ ਅਤੇ ਨਾਦੀਆ ਨੇ ਬੀਤੇ ਹਫ਼ਤੇ ਹੋਬਾਰਟ ਇੰਟਰਨੈਸ਼ਨਲ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ।
ਜਦੋਂ ਦੋਵੇਂ ਚੀਨ ਦੀ ਸ਼ਿਯੁਆਨ ਹਾਨ ਅਤੇ ਲਿਨ ਜ਼ੂ ਦੀ ਜੋੜੀ ਤੋਂ 2-6, 0-1 ਨਾਲ ਪੱਛੜ ਰਹੀਆਂ ਸਨ ਤਾਂ ਸਾਨੀਆ ਨੇ ਕੋਰਟ ਛੱਡ ਦਿੱਤਾ। ਅਭਿਆਸ ਦੌਰਾਨ ਸਾਨੀਆ ਦੇ ਪੈਰ ’ਤੇ ਸੱਟ ਲੱਗ ਗਈ ਸੀ। ਉਸ ਨੇ ਦੋ ਸਾਲ ਮਗਰੋਂ ਟੈਨਿਸ ਕੋਰਟ ਵਿੱਚ ਵਾਪਸੀ ਕੀਤੀ ਹੈ। ਸਾਨੀਆ ਅਤੇ ਕਿਚਨੋਕ 2-4 ਨਾਲ ਪੱਛੜ ਰਹੀਆਂ ਸਨ, ਜਦੋਂ ਚੀਨੀ ਟੀਮ ਨੇ ਸਾਨੀਆ ਦੀ ਸਰਵਿਸ ਤੋੜੀ ਅਤੇ ਸੈੱਟ ਜਿੱਤ ਲਿਆ। ਸਾਨੀਆ ਨੂੰ ਪਹਿਲੇ ਸੈੱਟ ਮਗਰੋਂ ਮੈਡੀਕਲ ਸਹਾਇਤਾ ਲੈਣੀ ਪਈ।
ਦੂਜੇ ਸੈੱਟ ਦੀ ਪਹਿਲੀ ਹੀ ਗੇਮ ਵਿੱਚ ਉਸ ਦੀ ਸਰਵਿਸ ਟੁੱਟ ਗਈ ਅਤੇ ਉਹ ਅੱਗੇ ਨਹੀਂ ਖੇਡ ਸਕੀ। ਇਸ ਤੋਂ ਪਹਿਲਾਂ ਉਸ ਨੇ ਮਿਕਸਡ ਡਬਲਜ਼ ਵਿੱਚ ਵੀ ਨਾਮ ਵਾਪਸ ਲੈ ਲਿਆ ਸੀ, ਜਿਸ ਵਿੱਚ ਉਸ ਨੇ ਰੋਹਨ ਬੋਪੰਨਾ ਨਾਲ ਜੋੜੀ ਬਣਾ ਕੇ ਖੇਡਣਾ ਸੀ। ਮਿਕਸਡ ਡਬਲਜ਼ ਵਿੱਚ ਭਾਰਤ ਵੱਲੋਂ ਲਿਏਂਡਰ ਪੇਸ ਚੁਣੌਤੀ ਦੇਵੇਗਾ, ਜੋ 2017 ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਤਾਪੈਂਕੋ ਨਾਲ ਉਤਰੇਗਾ।
Sports ਸਾਨੀਆ ਮਿਰਜ਼ਾ ਸੱਟ ਕਾਰਨ ਪਹਿਲੇ ਗੇੜ ’ਚੋਂ ਬਾਹਰ