ਮੁੰਬਈ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਤਤਕਾਲੀ ਏਟੀਐੱਸ ਮੁਖੀ ਹੇਮੰਤ ਕਰਕਰੇ ਬਾਰੇ ਵਿਵਾਦਤ ਟਿੱਪਣੀ ਕਰਨ ਤੋਂ ਦੋ ਦਿਨ ਬਾਅਦ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਹੁਣ ਅਯੁੱਧਿਆ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ’ਤੇ ਇਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ।
ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਮੁਕੰਮਲ ਹੋਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਨੇ ਸ਼ਨਿਚਰਵਾਰ ਨੂੰ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ‘ਰਾਮ ਮੰਦਰ ਅਸੀਂ ਬਣਾਵਾਂਗੇ ਤੇ ਇਹ ਸ਼ਾਨਦਾਰ ਹੋਵੇਗਾ’। ਪ੍ਰੱਗਿਆ ਨੇ ਕਿਹਾ ‘ਅਸੀਂ ਤੋੜਨ ਗਏ ਸੀ (ਬਾਬਰੀ ਮਸਜਿਦ) ਢਾਂਚਾ। ਮੈਂ ਚੜ੍ਹ ਕੇ ਤੋੜਿਆ ਸੀ ਢਾਂਚਾ। ਮੈਨੂੰ ਈਸ਼ਵਰ ਨੇ ਸ਼ਕਤੀ ਦਿੱਤੀ ਸੀ। ਅਸੀਂ ਦੇਸ਼ ਦਾ ਕਲੰਕ ਮਿਟਾਇਆ ਹੈ।’ ਇਸ ਸਬੰਧ ਵਿਚ ਚੋਣ ਕਮਿਸ਼ਨ ਨੇ ਜ਼ਾਬਤੇ ਦਾ ਉਲੰਘਣ ਕਰਨ ਲਈ ਪ੍ਰੱਗਿਆ ਨੂੰ ਸ਼ਨਿਚਰਵਾਰ ਦੇਰ ਰਾਤ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਉਸ ਕੋਲੋਂ 24 ਘੰਟੇ ਵਿਚ ਜਵਾਬ ਮੰਗਿਆ ਹੈ। ਕੁਲੈਕਟਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਸੁਦਾਮ ਖਾੜੇ ਦੁਆਰਾ ਜਾਰੀ ਇਸ ਨੋਟਿਸ ਵਿਚ ਪ੍ਰੱਗਿਆ ਨੂੰ ਕਿਹਾ ਗਿਆ ਹੈ ਕਿ ਉਹ ਇਕ ਦਿਨ ਵਿਚ ਜਵਾਬ ਦੇਵੇ ਨਹੀਂ ਤਾਂ ਨੇਮਾਂ ਮੁਤਾਬਕ ਇਕਪਾਸੜ ਕਾਰਵਾਈ ਕੀਤੀ ਜਾਵੇਗੀ। ਪ੍ਰੱਗਿਆ ਨੂੰ ਨੋਟਿਸ ਮਿਲਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਧਵੀ ਨੇ ਕਿਹਾ ਕਿ ਉਸ ਨੂੰ ਦੋ ਨੋਟਿਸ ਮਿਲੇ ਹਨ। ਰਾਮ ਮੰਦਰ ਵਾਲੇ ਬਿਆਨ ਸਬੰਧੀ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਹ ਜਵਾਬ ਦੇਵੇਗੀ। ਪ੍ਰੱਗਿਆ ਨੇ ਸਪੱਸ਼ਟ ਕਿਹਾ ਕਿ ਉਹ ਢਾਂਚਾ ਤੋੜਨ ਅਯੁੱਧਿਆ ਗਈ ਸੀ ਤੇ ਇਸ ਤੋਂ ਮੁੱਕਰ ਨਹੀਂ ਰਹੀ। ਸਾਧਵੀ ਨੇ ਕਿਹਾ ਕਿ ਕੋਈ ਵੀ ਅਯੁੱਧਿਆ ਵਿਚ ਉਸ ਨੂੰ ਸ਼ਾਨਦਾਰ ਮੰਦਰ ਦੀ ਉਸਾਰੀ ਤੋਂ ਰੋਕ ਨਹੀਂ ਸਕਦਾ। ਦੱਸਣਯੋਗ ਹੈ ਕਿ 6 ਦਸੰਬਰ 1992 ਨੂੰ ਕਾਰ ਸੇਵਕਾਂ ਨੇ ਬਾਬਰੀ ਮਸਜਿਦ ਦਾ ਢਾਂਚਾ ਸੁੱਟਿਆ ਸੀ। ਇਹ ਮਾਮਲਾ ਫ਼ਿਲਹਾਲ ਸੁਪਰੀਮ ਕੋਰਟ ਵਿਚ ਹੈ। ਇਸ ਤੋਂ ਪਹਿਲਾਂ ਸਾਧਵੀ ਪ੍ਰੱਗਿਆ ਨੂੰ ਕਰਕਰੇ ਬਾਰੇ ਦਿੱਤੇ ਬਿਆਨ ਲਈ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।
INDIA ਸਾਧਵੀ ਪ੍ਰੱਗਿਆ ਵੱਲੋਂ ਰਾਮ ਮੰਦਰ ਬਾਰੇ ਵਿਵਾਦਤ ਬਿਆਨ; ਦੂਜਾ ਨੋਟਿਸ ਜਾਰੀ