ਸਾਦਗੀ ਸੁਹੱਪਣ ਦਾ ਜ਼ਰੂਰੀ ਅੰਗ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਜ਼ਿੰਦਗੀ ਇਕ ਸੰਘਰਸ਼ ਹੈ ।ਕਈ ਵਾਰ ਸਾਨੂੰ ਜ਼ਿੰਦਗੀ ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ।ਜਿੰਨਾ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿੱਚ ਹੀ ਸਬਰ- ਸੰਤੋਖ ਕਰਨਾ ਚਾਹੀਦਾ ਹੈ। ਤੇ ਪ੍ਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੱਧ ਹੁੰਦਾ ਹੈ, ਕਿਸੇ ਕੋਲ ਘੱਟ ਹੁੰਦਾ ਹੈ ।ਕਿਸੇ ਕੋਲ ਬਹੁਤ ਘੱਟ ਸੀਮਿਤ ਮਾਤਰਾ ਵਿੱਚ ਸਾਧਨ ਹੁੰਦੇ ਹਨ। ਅੱਜ ਦੇ ਜ਼ਮਾਨੇ ਵਿੱਚ ਪੈਸੇ ਦੀ ਹੋੜ ਬਹੁਤ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ। ਪੈਸਿਆਂ ਕਾਰਨ ਸਾਰੇ ਹੀ ਅੱਜ-ਕੱਲ੍ਹ ਰਿਸ਼ਤੇ ਟੁੱਟ ਚੁੱਕੇ ਹਨ। ਇੰਨਾ ਮਾੜਾ ਸਮਾਂ ਆ ਗਿਆ ਹੈ ਕਿ ਭਰਾ-ਭਰਾ ਇਕ-ਦੂਜੇ ਦੀ ਸ਼ਕਲ ਦੇਖਣ ਨੂੰ ਪਸੰਦ ਨਹੀਂ ਕਰਦੇ । ਬਸ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੈਸੇ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।

ਜਦੋਂ ਅਸੀਂ ਸਵੇਰੇ ਉੱਠਦੇ ਹਨ, ਤਾਂ ਪ੍ਰਣ ਕਰੀਏ! ਕਿ ਅਸੀਂ ,ਸਾਰਾ ਦਿਨ ਖੁਸ਼ ਰਹਿਣਾ ਹੈ ।ਛੋਟੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ। ਹਮੇਸ਼ਾ ਚੰਗਾ ਸੋਚੋ। ਕਦੇ ਵੀ ਕਿਸੇ ਪ੍ਰਤੀ ਨਾਕਰਾਤਮਕ ਵਿਚਾਰ ਨਾ ਰੱਖੋ । ਸਵੇਰੇ ਉਠਦੇ ਸਾਰ ਹੀ ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ ਹੈ। ਮੱਥੇ ਤੇ ਪਈ ਤਿਊੜੀ ਨਾਲ ਅਸੀਂ ਆਪ ਵੀ ਦੁਖੀ ਹੁੰਦੇ ਹਨ । ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸੀਬਤ ਵਿੱਚ ਪਾ ਦਿੰਦੇ ਹਨ। ਜੇ ਚਿਹਰੇ ਤੇ ਖੁਸ਼ੀ ਰਹੇਗੀ ਤਾਂ ਘਰ ਦਾ ਮਾਹੌਲ ਵੀ ਬਹੁਤ ਵਧੀਆ ਹੋਵੇਗਾ। ਘਰ ਦੇ ਜੀਅ ਇਕ-ਦੂਜੇ ਦੀ ਕਦਰ ਕਰਨਗੇ। ਆਪਸੀ ਪਿਆਰ ਬਹੁਤ ਵਧੇਗਾ। ਕਿਸੇ ਪ੍ਰਤੀ ਨਫਰਤ ਨੂੰ ਨਹੀਂ ਰੱਖਣਗੇ। ਕਹਿਣ ਦਾ ਭਾਵ ਹੈ ਕਿ ਸਾਰੇ ਘਰ ਦਾ ਮਹੌਲ ਸਵਰਗ ਵਰਗਾ ਪ੍ਰਤੀਤ ਹੋਵੇਗਾ। ਇਕ ਦੂਜੇ ਦੀ ਇੱਜ਼ਤ ਹੋਵੇਗੀ ਮਾਣ-ਸਤਿਕਾਰ ਵਧੇਗਾ।

ਕਈ ਵਾਰ ਅਸੀਂ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਹਨ ਕਿ ਤੂੰ ਮੈਨੂੰ ਇਹ ਨਹੀਂ ਦਿੱਤਾ ਮੈਂ ਇੰਨੀ ਮਿਹਨਤ ਕੀਤੀ ।ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾਂ ਛੋਟੀ ਕਾਰ,ਜਾਂ ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ ਦਾਤ ਨਹੀਂ ਬਖਸ਼ੀ ,ਜਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ,ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ,ਜਾਂ ਮੇਰੇ ਕੋਲ ਛੋਟੀ ਕਾਰ ਹੈ ,ਹੋਰ ਵੀ ਕਈ ਤਰ੍ਹਾਂ ਦੇ ਮਨ ਮੁਟਾਵ ਮਨ ਵਿੱਚ ਹੁੰਦੇ ਹਨ ।ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ ਦੇਖ ਕੇ ਆਉਂਦੇ ਹਨ । ਕਈ ਵਾਰ ਅਸੀਂ ਆਪਣੇ ਦੁੱਖ ਨਾਲੋਂ ਜ਼ਿਆਦਾ ਦੁਖੀ ਨਹੀਂ ਹੁੰਦੇ, ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਨ ।ਜਿਨ੍ਹਾਂ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ,ਸਾਨੂੰ ਉਸ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ ।

ਅਕਸਰ ਸਾਡੇ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ ਕਿ ਜੋ ਸਾਨੂੰ ਹਮੇਸ਼ਾਂ ਖ਼ੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਕਈ ਵਾਰ ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾ ਹੁੰਦੀਆਂ ਹਨ ,ਜਿਨ੍ਹਾਂ ਕੋਲ ਸੀਮਤ ਸਾਧਨ ਹੁੰਦੇ ਹਨ ਉਹ ਬਹੁਤ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰਦੇ ਹਨ। ਜੋ ਝੁੰਗੀ ਝੋਪੜੀਆਂ ਵਾਲੇ ਹੁੰਦੇ ਹਨ, ਉਹ ਹਰ ਰੋਜ਼ ਕਮਾਉਂਦੇ ਹਨ ਤੇ ਸ਼ਾਮ ਨੂੰ ਖਾ ਲੈਂਦੇ ਹਨ ।ਉਨ੍ਹਾਂ ਨੂੰ ਅਗਲੇ ਦਿਨ ਦੀ ਫ਼ਿਕਰ ਵੀ ਨਹੀਂ ਹੁੰਦੀ ਹੈ। ਫਿਰ ਵੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ । ਗ਼ਰੀਬ ਲੋਕਾਂ ਨੂੰ ਮਕਾਨ ਬਣਾਉਣ ਦੀ ਵੀ ਫਿਕਰ ਨਹੀਂ ਹੁੰਦੀ ।ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਅੱਜ ਦਾ ਦਿਨ ਵਧੀਆ ਗੁਜ਼ਰਿਆ ਹੈ । ਸੋ ਕੱਲ ਦਾ ਵੀ ਦਿਨ ਵਧੀਆ ਗੁਜ਼ਰੇਗਾ ।ਅਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਗੁਜ਼ਾਰਦੇ ਹਨ ।

ਕਈ ਅਜਿਹੀ ਸਖਸ਼ੀਅਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ । ਅਜਿਹੇ ਲੋਕਾਂ ਦੀ ਜ਼ਿੰਦਗੀ ਵਿਚ ਫਿਰ ਦੁੱਖ ਬਹੁਤ ਘੱਟ ਹੁੰਦੇ ਹਨ। ਕਿਉਂਕਿ ਉਹ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਗੁਜ਼ਾਰਦੇ ਹਨ। ਘਰ ਵਿੱਚ ਇੱਕ ਦੂਜੇ ਦੀ ਇੱਜ਼ਤ ਕਰਦੇ ਹਨ‌। ਜੇ ਉਨ੍ਹਾਂ ਕੋਲ ਸੀਮਤ ਸਾਧਨ ਹਨ ਤਾਂ ਉਸੇ ਵਿੱਚ ਖ਼ੁਸ਼ ਰਹਿੰਦੇਂ ਹਨ। ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਜਲਦੇ ਨਹੀਂ ਹਨ। ਹਮੇਸ਼ਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ । ਕਿ ਇਹ ਰੱਬ ਜਿਨ੍ਹਾਂ ਵੀ ਤੂੰ ਸਾਨੂੰ ਦਿੱਤਾ ਉਸੇ ਵਿੱਚ ਹੀ ਸਾਨੂੰ ਸਬਰ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਜਿਹੇ ਲੋਕਾਂ ਨੂੰ ਜ਼ਿੰਦਗੀ ਨਾਲ ਕੋਈ ਵੀ ਸ਼ਿਕਵਾ ਨਹੀਂ ਹੁੰਦਾ।

ਅਜਿਹੇ ਲੋਕ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਹੁੰਦੇ ਹਨ ,ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ । ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਉਂਦਾ ਦੇ ਦਿੰਦੇ ਹਨ ।ਅੱਜ ਕੱਲ ਤਾਂ ਵੈਸੇ ਹੀ ਜ਼ਿੰਦਗੀ ਬਹੁਤ ਛੋਟੀ ਹੈ ।ਪਤਾ ਹੀ ਨਹੀਂ ਲੱਗਦਾ ਸਮੇਂ ਦਾ ਕੀ ਕਦੋਂ ਮੌਤ ਹੋ ਜਾਂਦੀ ਹੈ ।ਅਕਸਰ ਅਸੀਂ ਆਮ ਸੁਣਦੇ ਹਨ ਕਿ ਬੰਦਾ ਵਿਚਾਰਾ ਭਲਾ ਚੰਗਾ ਰਾਤ ਸੋਇਆ ਸੀ ,ਸਵੇਰੇ ਉੱਠਿਆ ਹੀ ਨਹੀਂ ।ਫਿਰ ਕਿਉਂ ਅਸੀਂ ਅਜਿਹੇ ਗਿਲੇ ਸ਼ਿਕਵਿਆਂ ਕਾਰਨ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਕਿਉਂ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੁੰਦੇ? ਕਿਉਂ ਅਸੀਂ ਹਮੇਸ਼ਾ ਖੁਸ਼ ਰਹਿਣਾ ਨਹੀਂ ਚਾਹੁੰਦੇ ।ਜਿੰਨਾ ਵੀ ਹੈ ,ਉਸੇ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਖ਼ੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਜੇ ਅਸੀਂ ਖ਼ੁਸ਼ ਰਹਾਂਗੇ ਤਾਂ ਸਾਡੀ ਦੇਖਾ ਦੇਖੀ ਵਿੱਚ ਪਰਿਵਾਰਕ ਮੈਂਬਰ ਵੀ ਖ਼ੁਸ਼ ਰਹਿਣਾ ਸਿੱਖ ਲੈਣਗੇ। ਇਸ ਲਈ ਆਓ, ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰੀਏ ਤੇ ਖਦ ਵੀ ਖੁਸ਼ ਰਹੀਏ ਤੇ ਹੋਰਾਂ ਨੂੰ ਵੀ ਖ਼ੁਸ਼ ਰਹਿਣ ਦੇਈਏ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

Previous articleਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 6 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ
Next articleਮਾਸਟਰ ਰਾਮ ਲਾਲ ਦੀ ਵਿਦਾਇਗੀ ਪਾਰਟੀ